India

ਅਸੀਂ ਕਿਸੇ ਦੀਆਂ ਕਠਪੁਤਲੀਆਂ ਨਹੀਂ ਹਾਂ- ਫਾਰੂਕ ਅਬਦੁੱਲਾ

‘ਦ ਖ਼ਾਲਸ ਬਿਊਰੋ:- ਜੰਮੂ ਅਤੇ ਕਸ਼ਮੀਰ ਦੀਆਂ ਛੇ ਸਿਆਸੀ ਪਾਰਟੀਆਂ ਵੱਲੋਂ ਧਾਰਾ 370 ਤੋੜਨ ਖ਼ਿਲਾਫ ਜਾਰੀ ‘ਗੁਪਕਾਰ ਐਲਾਨਨਾਮੇ’ ਦਾ ਪਾਕਿਸਤਾਨ ਵੱਲੋਂ ਸਵਾਗਤ ਕੀਤੇ ਜਾਣ ਮਗਰੋਂ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ, ‘ਅਸੀਂ ਕਿਸੇ ਦੀਆਂ ਕੁਠਪੁਤਲੀਆਂ ਨਹੀਂ ਹਾਂ।’

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬਿਆਨ ਦਿੱਤਾ ਸੀ ਕਿ ‘ਨੈਸ਼ਨਲ ਕਾਂਗਰਸ, PDP, ਕਾਂਗਰਸ ਤੇ ਤਿੰਨ ਹੋਰ ਸਿਆਸੀ ਪਾਰਟੀਆਂ ਵੱਲੋਂ ਜਾਰੀ ਐਲਾਨਨਾਮਾ ‘ਇੱਕ ਸਧਾਰਨ ਘਟਨਾ ਨਹੀਂ ਸਗੋਂ ਮਹੱਤਵਪੂਰਨ ਬਦਲਾਅ ਹੈ’। ਇਸ ਦੇ ਜਵਾਬ ’ਚ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਕਿਹਾ ਕਿ, ‘ਪਾਕਿਸਤਾਨ ਜੰਮੂ ਅਤੇ ਕਸ਼ਮੀਰ ਦੀਆਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੀ ਹਮੇਸ਼ਾ ਨਿੰਦਾ ਕਰਦਾ ਰਿਹਾ, ਪਰ ਹੁਣ ਅਚਾਨਕ ਉਹ ਇਨ੍ਹਾਂ ਨੂੰ ਪਸੰਦ ਕਰ ਰਿਹਾ ਹੈ।’

ਅਬਦੁੱਲਾ ਨੇ ਕਿਹਾ ਕਿ, ‘ਮੈਂ ਇੱਕ ਗੱਲ ਸਾਫ਼ ਕਰਨਾ ਚਾਹੁੰਦਾ ਕਿ ਅਸੀਂ ਦਿੱਲੀ  ਜਾਂ ਸਰਹੱਦ ਤੋਂ ਪਾਰ ਕਿਸੇ ਦੀਆਂ ਕਠਪੁਤਲੀਆਂ ਨਹੀਂ ਹਾਂ। ਅਸੀਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਜਵਾਬਦੇਹ ਹਾਂ ਅਤੇ ਉਨ੍ਹਾਂ ਲਈ ਕੰਮ ਕਰਾਂਗੇ।’

ਉਨ੍ਹਾਂ ਨੇ ਅੱਤਵਾਦ ਬਾਰੇ ਬਲਦਿਆਂ ਕਿਹਾ ਕਿ, ‘ਮੈਂ ਪਾਕਿਸਤਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਕਸ਼ਮੀਰ ਵਿੱਚ ਹਥਿਆਰਬੰਦ ਲੋਕਾਂ ਨੂੰ ਭੇਜਣਾ ਬੰਦ ਕਰੇ। ਅਸੀਂ ਆਪਣੇ ਸੂਬੇ ਵਿੱਚ ਖ਼ੂਨ-ਖਰਾਬੇ ਦਾ ਖਾਤਮਾ ਚਾਹੁੰਦੇ ਹਾਂ। ਜੰਮੂ ਅਤੇ ਕਸ਼ਮੀਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਹੱਕਾਂ ਲਈ ਅਤੇ ਪਿਛਲੇ ਵਰ੍ਹੇ 5 ਅਗਸਤ ਨੂੰ ਗ਼ੈਰ-ਸੰਵਿਧਾਨਕ ਢੰਗ ਨਾਲ ਸਾਡੇ ਤੋਂ ਜੋ ਖੋਹਿਆ ਗਿਆ, ਉਸ ਵਾਸਤੇ ਲੜਨ ਲਈ ਵਚਨਬੱਧ ਹਾਂ।’ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਬਹਾਲ ਕਰਨ ਦੀ ਅਪੀਲ ਵੀ ਕੀਤੀ।