India International Punjab

ਅੱਧੀਆਂ ਮਾਨਸਿਕ ਬਿਮਾਰੀਆਂ ਜਕੜ ਲੈਂਦੀਆਂ ਨੇ 15 ਸਾਲ ਤੋਂ ਵੀ ਘੱਟ ਉਮਰ ਵਿੱਚ: ਯੂਨੀਸੈੱਫ

ਤਾਲਾਬੰਦੀ ਦੇ ਦਿਨਾਂ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਛੱਡ ਦਿੱਤਾ ਡਰ ਤੇ ਚਿੰਤਾ ਦੇ ਮਾਹੌਲ ਵਿੱਚ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਕੋਰੋਨਾ ਵਾਇਰਸ ਬੇਕਾਬੂ ਹੋ ਕੇ ਫੈਲਣ ਤੋਂ ਬਾਅਦ ਪੂਰੀ ਦੁਨੀਆ ਨੇ ਤਾਲਾਬੰਦੀ ਦੇ ਦਿਨਾਂ ਵਿੱਚ ਜੇਲ੍ਹ ਵਰਗੀ ਜਿੰਦਗੀ ਜੀਅ ਕੇ ਵੇਖੀ ਹੈ। ਇੱਕ ਰਿਪੋਰਟ ਦੇ ਮੁਤਾਬਿਕ ਪਿਛਲੇ ਸਾਲ ਤਾਲਾਬੰਦੀ ਕਾਰਨ ਕੋਈ 330 ਮਿਲੀਅਨ ਤੋਂ ਵੱਧ ਨੌਜਵਾਨਾਂ ਤੇ ਇਸਦਾ ਮਾਨਸਿਕ ਅਸਰ ਵੇਖਣ ਨੂੰ ਮਿਲਿਆ ਹੈ।

ਯੂਨੀਸੈੱਫ ਦੇ ਬੁਲਾਰੇ ਜੇਮਜ਼ ਐਲਡਰ ਨੇ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਤਾਲਾਬੰਦੀ ਦੌਰਾਨ ਨੌਜਵਾਨਾਂ ਨੂੰ ਇਕੱਲਿਆਂ ਆਪਣੇ ਭਵਿੱਖ ਬਾਰੇ ਚਿੰਤਤ ਮਹਿਸੂਸ ਕਰਨ ਲਈ ਛੱਡ ਦਿੱਤਾ ਗਿਆ ਹੈ। ਮਹਾਂਮਾਰੀ ਦੇ ਕਾਰਨ ਲੱਖਾਂ ਹੀ ਨੌਜਵਾਨ ਇਕੱਲੇ, ਡਰ ਅਤੇ ਚਿੰਤਾ ਦੇ ਮਾਹੌਲ ‘ਚ ਜਿਊਣ ਲਈ ਮਜ਼ਬੂਰ ਹੋਏ ਹਨ।

ਉਨ੍ਹਾਂ ਕਿਹਾ ਕਿ ਸਾਰੇ ਹੀ ਦੇਸ਼ਾਂ ਨੂੰ ਇਸ ਮਹਾਂਮਾਰੀ ਤੋਂ ਉੱਭਰਨ ਦੀ ਲੋੜ ਹੈ। ਇਸ ਲਈ ਵਧੀਆ ਪਹੁੰਚ, ਬੱਚੇ ਅਤੇ ਅੱਲ੍ਹੜ ਉਮਰ ਦੀ ਮਾਨਸਿਕ ਸਿਹਤ ਪ੍ਰਤੀ ਧਿਆਨ ਰੱਖਦਿਆਂ ਇਸ ਮੁੱਦੇ ‘ਤੇ ਗੌਰ ਕਰਨਾ ਚਾਹੀਦਾ ਹੈ।

ਯੂਨੀਸੈੱਫ ਦੇ ਅਨੁਸਾਰ, 15 ਸਾਲ ਦੀ ਉਮਰ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਵਿਕਸਿਤ ਹੋ ਜਾਂਦੀਆਂ ਹਨ ਅਤੇ 800,000 ਲੋਕ ਜੋ ਸਾਲਾਨਾ ਖੁਦਕੁਸ਼ੀ ਨਾਲ ਮਰਦੇ ਹਨ, ਉਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ।

ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਮਹਾਂਮਾਰੀ ਨੇ ਦੁਨੀਆ ਭਰ ਦੇ 93 ਪ੍ਰਤੀਸ਼ਤ ਦੇਸ਼ਾਂ ਵਿੱਚ ਗੰਭੀਰ ਮਾਨਸਿਕ ਸਿਹਤ ਸੇਵਾਵਾਂ ਨੂੰ ਰੋਕ ਦਿੱਤਾ ਹੈ ਜਾਂ ਫਿਰ ਵਿਗਾੜ ਕੇ ਰੱਖ ਦਿੱਤਾ ਹੈ।
ਯੂਨੀਸੈੱਫ ਦੇ ਕਾਰਜਕਾਰੀ ਨਿਰਦੇਸ਼ਕ, ਹੈਨਰੀਟਾ ਫੋਰ ਨੇ ਕਿਹਾ ਕਿ ਜਦੋਂ ਦਿਨੋਂ-ਦਿਨ ਤੁਸੀਂ ਆਪਣੇ ਦੋਸਤਾਂ ਅਤੇ ਅਜ਼ੀਜ਼ਾਂ ਤੋਂ ਦੂਰ ਹੁੰਦੇ ਹੋ ਅਤੇ ਘਰ ਵਿੱਚ ਕੋਈ ਦੁਰ-ਵਿਵਹਾਰ ਕਰਨ ਵਾਲੇ ਨਾਲ ਠਹਿਰ ਜਾਂਦੇ ਤਾਂ ਇਨ੍ਹਾਂ ਬੀਮਾਰੀਆਂ ਦਾ ਪ੍ਰਭਾਵ ਹੋਰ ਅਹਿਮ ਹੋ ਜਾਂਦਾ ਹੈ।
ਅਜਿਹੇ ਮਾਹੌਲ ਵਿੱਚ ਬਹੁਤ ਸਾਰੇ ਬੱਚੇ ਡਰ, ਇਕੱਲੇ, ਚਿੰਤਤ ਅਤੇ ਆਪਣੇ ਭਵਿੱਖ ਬਾਰੇ ਚਿੰਤਤ ਰਹਿੰਦੇ ਹਨ। ਸਾਨੂੰ ਬੱਚੇ ਅਤੇ ਅੱਲ੍ਹੜ ਉਮਰ ਦੀ ਮਾਨਸਿਕ ਸਿਹਤ ਪ੍ਰਤੀ ਬਿਹਤਰ ਧਿਆਨ ਦੇ ਕੇ ਇਸ ਮਹਾਂਮਾਰੀ ਤੋਂ ਉੱਭਰਨਾ ਚਾਹੀਦਾ ਹੈ।


ਘਰ ਵਿੱਚ ਹਿੰਸਾ, ਅਣਗਹਿਲੀ ਜਾਂ ਦੁਰ-ਵਿਵਹਾਰ ਦੇਖਣ ਵਾਲੇ ਬੱਚਿਆਂ ਲਈ, ਤਾਲਾਬੰਦੀਆਂ ਨੇ ਬਹੁਤ ਸਾਰੇ ਅਜਿਹੇ ਬੱਚਿਆਂ ਨੂੰ ਦੁਰ-ਵਿਵਹਾਰ ਕਰਨ ਵਾਲਿਆਂ ਵਿੱਚ ਛੱਡ ਦਿੱਤਾ ਹੈ।
ਡਬਲਯੂਐੱਚਓ ਦੇ ਅਨੁਸਾਰ, ਕੋਵੀਡ -19 ਮਹਾਂਮਾਰੀ ਨੇ ਦੁਨੀਆ ਭਰ ਦੇ 93 ਪ੍ਰਤੀਸ਼ਤ ਦੇਸ਼ਾਂ ਵਿੱਚ ਗੰਭੀਰ ਮਾਨਸਿਕ ਸਿਹਤ ਸੇਵਾਵਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ, ਜਦੋਂ ਕਿ ਮਾਨਸਿਕ ਸਿਹਤ ਸਹਾਇਤਾ ਦੀ ਮੰਗ ਵੱਧ ਰਹੀ ਹੈ।

ਵੱਧ ਰਹੀਆਂ ਜ਼ਰੂਰਤਾਂ ਪ੍ਰਤੀ ਹੁੰਗਾਰਾ ਭਰਨ ਲਈ, ਏਜੰਸੀ ਨੇ ਸਰਕਾਰਾਂ ਅਤੇ ਭਾਈਵਾਲਾਂ ਨੂੰ ਬੱਚਿਆਂ ਲਈ ਸੇਵਾਵਾਂ ਨੂੰ ਤਰਜੀਹ ਦੇਣ ਲਈ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ ਹੈ।