India International

ਯੂ.ਕੇ. ਦੀ ਸੰਸਦ ਵਿੱਚ ਗੂੰਜਿਆ ਦਿੱਲੀ ਡਟੇ ਕਿਸਾਨਾਂ ਦਾ ਅੰਦੋਲਨ

‘ਦ ਖ਼ਾਲਸ ਬਿਊਰੋ :- ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂ.ਕੇ. ਦੀ ਸੰਸਦ ਵਿੱਚ ਕਿਸਾਨੀ ਅੰਦੋਲਨ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ‘ਭਾਰਤ ਵਿੱਚ ਕਿਸਾਨੀ ਅੰਦੋਲਨ ਪਿਛਲੇ ਕੁੱਝ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਇਸਨੇ ਸਾਡੀ ਚਿੰਤਾ ਵਧਾਈ ਹੈ। ਸਦਨ ਦੇ 100 ਤੋਂ ਵੱਧ ਮੈਂਬਰਾਂ ਨੇ ਇੱਕ ਪੱਤਰ ‘ਤੇ ਦਸਤਖਤ ਕਰਕੇ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਯੂ.ਕੇ. ਦੇ 650 ਚੋਣ ਖੇਤਰਾਂ ‘ਚੋਂ ਇੱਕ ਲੱਖ ਤੋਂ ਵੱਧ ਲੋਕਾਂ ਨੇ ਆਨਲਾਈਨ ਪਟੀਸ਼ਨ ‘ਤੇ ਦਸਤਖਤ ਕੀਤੇ ਹਨ, ਜਿਸ ਵਿੱਚੋਂ 3 ਹਜ਼ਾਰ ਤੋਂ ਵੱਧ ਲੋਕ ਮੇਰੇ ਸਲ੍ਹੋ ਹਲਕੇ ਤੋਂ ਹਨ। ਇਸ ਲਈ ਇਨ੍ਹਾਂ ਤੱਥਾਂ ਦੇ ਆਧਾਰ ‘ਤੇ, ਪੱਤਰਕਾਰਾਂ, ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਗ੍ਰਿਫਤਾਰੀ, ਜਿਵੇਂ ਕਿ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਨੌਦੀਪ ਕੌਰ, ਜਿਸ ਨਾਲ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ‘ਤੇ ਤਸ਼ੱਦਦ ਤੇ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਕੀ ਸਦਨ ਦੇ ਮੈਂਬਰ ਇਸ ਅਹਿਮ ਮੁੱਦੇ ‘ਤੇ ਜਲਦੀ ਤੋਂ ਜਲਦੀ ਚਰਚਾ ਕਰ ਸਕਦੇ ਹਨ ? ਜਿਵੇਂ ਕਿ ਅਸੀਂ ਪਿਛਲੇ ਇਸ ਚੈਂਬਰ ‘ਚ ਇੱਕ ਪਟੀਸ਼ਨ ‘ਤੇ ਚਰਚਾ ਕੀਤੀ ਸੀ।

ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਜੈਕਬ ਰੀਜ਼ ਮੌਗ ਨੇ ਤਨਮਨਜੀਤ ਸਿੰਘ ਢੇਸੀ ਦੀ ਮੰਗ ਬਾਰੇ ਆਪਣਾ ਪੱਖ ਰੱਖਦਿਆਂ ਕਿਹਾ ਕਿ ‘ਮਾਣਯੋਗ ਸੰਸਦ ਮੈਂਬਰ ਨੇ ਇੱਕ ਅਜਿਹਾ ਮੁੱਦਾ ਚੁੱਕਿਆ ਹੈ ਜੋ ਸਦਨ ਤੇ ਹਲਕਿਆਂ ਦੇ ਬਾਹਰ ਦਾ ਮੁੱਦਾ ਹੈ। ਸ਼ਾਂਤੀਪੂਰਨ ਪ੍ਰਦਰਸ਼ਨ ਬੋਲਣ ਦੀ ਆਜ਼ਾਦੀ ਅਤੇ ਇੰਟਰਨੈੱਟ ਦੀ ਆਜ਼ਾਦੀ ਦੇ ਨਾਲ ਬੁਨਿਆਦੀ ਅਧਿਕਾਰ ਹੈ। ਭਾਰਤ ਲੋਕਤੰਤਰੀ ਦੇਸ਼ ਹੈ ਅਤੇ ਇਸ ਨਾਲ ਸਾਡੇ ਮਜ਼ਬੂਤ ਰਿਸ਼ਤੇ ਹਨ। ਮੈਨੂੰ ਲੱਗਦਾ ਹੈ ਕਿ ਅਗਲੀ ਸਦੀ ਤੱਕ ਭਾਰਤ ਨਾਲ ਸਾਡੇ ਰਿਸ਼ਤੇ ਦੁਨੀਆ ਦੇ ਕਿਸੇ ਵੀ ਦੇਸ਼   ਨਾਲੋਂ ਵੱਧ ਅਹਿਮ ਹੋਣਗੇ, ਕਿਉਂਕਿ ਭਾਰਤ ਸਾਡਾ ਦੋਸਤ ਹੈ ਤਾਂ ਸਿਰਫ ਇਹ ਠੀਕ ਹੋਵੇਗਾ ਕਿ ਅਸੀਂ ਨੁਮਾਇੰਦਗੀ ਕਰੀਏ ਜਦੋਂ ਉਹ ਚੀਜ਼ਾਂ ਹੋ ਰਹੀਆਂ ਹਨ ਜੋ ਦੇਸ਼ ਦੇ ਅਕਸ ਲਈ ਠੀਕ ਨਹੀਂ ਹਨ, ਜਿਸਦੇ ਅਸੀਂ ਦੋਸਤ ਹਾਂ।

ਮੈਂ ਦੱਸਣਾ ਚਾਹੁੰਦਾ ਹਾਂ ਕਿ ਵਿਦੇਸ਼ ਮੰਤਰੀ ਨੇ ਕਿਸਾਨ ਪ੍ਰਦਰਸ਼ਨ ਬਾਰੇ ਦਸੰਬਰ ਵਿੱਚ ਭਾਰਤੀ ਵਿਦੇਸ਼ ਮੰਤਰੀ ਨਾਲ ਚਰਚਾ ਕੀਤੀ ਸੀ। ਯੂ.ਕੇ. ਦੀ ਸਰਕਾਰ ਦੀ ਕਿਸਾਨ ਪ੍ਰਦਰਸ਼ਨ ‘ਤੇ ਕਰੀਬੀ ਨਜ਼ਰ ਰਹੇਗੀ, ਇਸਦਾ ਸਨਮਾਨ ਕਰਦੇ ਹੋਏ ਕਿ ਖੇਤੀ ਬਦਲਾਅ ਭਾਰਤ ਦਾ ਘਰੇਲੂ ਮੁੱਦਾ ਹੈ ਅਤੇ ਅਸੀਂ ਮਨੁੱਖੀ ਅਧਿਕਾਰਾਂ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਂਦੇ ਰਹਾਂਗੇ ਅਤੇ ਇਸ ਮਹੀਨੇ ਯੂਐੱਨ ਕੌਂਸਲ ਦੀ ਅਗਵਾਈ ‘ਚ ਇਹ ਹਿੱਸਾ ਰਹੇਗਾ। ’