Punjab

ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਕੀਤੇ ਮੁਲਜ਼ਮਾਂ ‘ਚੋਂ 2 ਹਨ ਗੈਂਗਸਟਰ

‘ਦ ਖ਼ਾਲਸ ਬਿਊਰੋ :- ਤਰਨਤਾਰਨ ਦੇ ਭਿੱਖੀਵਿੰਡ ‘ਚ ਹੋਏ ਸ਼ੋਰਯਾ ਚੱਕਰ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ SIT ਮੁੱਖੀ ਰਾਜਬੀਰ ਸਿੰਘ ਵੱਲੋਂ ਹੁਣ ਤੱਕ 8 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਹੈ ਪੁਲਿਸ ਨੇ 2 ਗੈਂਗਸਟਰ ਰਵਿੰਦਰ ਗਿਆਨਾ ਤੇ ਸੁਖਰਾਜ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਤਰਨਤਾਰ ਲੈ ਕੇ ਆਈ ਹੈ। ਇਸ ਦੌਰਾਨ ਸਵਾਲ ਉੱਠ ਰਹੇ ਹਨ, ਕਿ ਕਾਮਰੇਡ ਬਲਵਿੰਦਰ ਸਿੰਘ ਦੀ ਸੁਪਾਰੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਜ਼ਰੀਏ ਦਿੱਤੀ ਗਈ ਸੀ ਕਿਉਂਕਿ ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਤਰਨਤਾਰਨ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬਠਿੰਡਾ ਜੇਲ੍ਹ ਤੋਂ ਲੈ ਕੇ ਆਈ ਸੀ ਅਤੇ ਇਸ ਤੋਂ ਮਗਰੋਂ 2 ਨਵੰਬਰ ਨੂੰ ਬਲਵਿੰਦਰ ਸਿੰਘ ਕਤਲ ਮਾਮਲੇ ਵਿੱਚ 4 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਈ ਸੀ। ਪੁਲਿਸ ਨੇ ਭਾਵੇ ਹੁਣ ਤੱਕ 8 ਲੋਕਾਂ ਨੂੰ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰੀ ਕੀਤਾ ਹੈ ਪਰ ਕਤਲ ਦੀ ਸੁਪਾਰੀ ਦੇਣ ਵਾਲਾ ਹੁਣ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।

ਪੁਲਿਸ ਨੂੰ ਵਾਰਦਾਤ ਵਿੱਚ ਵਰਤੀ ਮੋਟਰ ਸਾਈਕਲ ਬਰਾਮਦ ਹੋਈ

ਬਲਵਿੰਦਰ ਕਤਲ ਮਾਮਲੇ ਦੀ ਜਾਂਚ ਕਰ ਰਹੀ SIT ਨੇ ਹਰੀਕੇ ਪਤਨ ਦਰਿਆ ਤੋਂ ਵਾਰਦਾਤ ਵਿੱਚ ਇਸਤਮਾਲ ਮੋਟਰ ਸਾਈਕਲ ਨੂੰ ਬਰਾਮਦ ਕਰ ਲਿਆ ਹੈ, ਮੁਲਜ਼ਮਾਂ ਵੱਲੋਂ ਸਬੂਤ ਮਿਟਾਉਣ ਦੇ ਲਈ ਮੋਟਰ ਸਾਈਕਲ ਦੇ ਕਈ ਹਿੱਸੇ ਕਰਕੇ ਨਹਿਰ ਵਿੱਚ ਪਾ ਦਿੱਤੇ ਗਏ ਸਨ,ਪਰ 2 ਨਵੰਬਰ ਨੂੰ ਸਭ ਤੋਂ ਪਹਿਲਾਂ 4 ਲੋਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਦੇ ਹੱਥ ਵੱਡਾ ਸਬੂਤ ਲੱਗਿਆ ਸੀ।

ਇਸ ਦਿਨ ਹੋਈ ਸੀ ਵਾਰਦਾਤ

16 ਅਕਤੂਬਰ ਨੂੰ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਵਿੱਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਾਮਰੇਡ ਬਲਵਿੰਦਰ ਸਿੰਘ ਬੜੀ ਹੀ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ। 2 ਹਮਲਾਵਰਾਂ ਨੇ ਬਲਵਿੰਦਰ ਸਿੰਘ ‘ਤੇ ਇੱਕ ਤੋਂ ਬਾਅਦ ਇੱਕ ਪੰਜ ਗੋਲੀਆਂ ਚਲਾਇਆ ਸੀ, ਹਮਲਾਵਰ ਬਾਈਕ ‘ਤੇ ਸਵਾਰ ਸਨ ਅਤੇ ਬਲਵਿੰਦਰ ਸਿੰਘ ਆਪਣੇ ਘਰ ਵਿੱਚ ਬਣੇ ਦਫ਼ਤਰ ਵਿੱਚ ਸਨ। ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਲਵਿੰਦਰ ਸਿੰਘ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ SIT ਦਾ ਗਠਨ ਕੀਤਾ ਸੀ, ਪਰਿਵਾਰ ਨੇ ਦਹਿਸ਼ਤਗਰਦੀ ਵਾਰਦਾਤ ਦਾ ਸ਼ੱਕ ਜਤਾਇਆ ਸੀ। ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 5 ਲੱਖ ਦੀ ਮਾਲੀ ਮਦਦ ਦਿੱਤੀ ਗਈ ਸੀ ਪਰ ਪਰਿਵਾਰ ਨੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।