India Khaas Lekh

ਸਵਾਲਾਂ ਦੇ ਘੇਰੇ ’ਚ ਰਿਪਬਲਿਕ ਭਾਰਤ! ਜਾਣੋ ਕਿਵੇਂ ਰਿਕਾਰਡ ਹੁੰਦੀ ਹੈ TRP ਤੇ ਕਿਵੇਂ ਹੁੰਦੀ ਹੈ ਛੇੜਛਾੜ

’ਦ ਖ਼ਾਲਸ ਬਿਊਰੋ: ਹਾਲ ਹੀ ਵਿੱਚ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਰਿਪਬਲਿਕ ਚੈਨਲ ਸਮੇਤ 3 ਚੈਨਲਾਂ ’ਤੇ ਟੀਆਰਪੀ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਟੀਆਰਪੀ ਸਕੈਂਡਲ ਦਾ ਪਰਦਾਫਾਸ਼ ਕਰਦਿਆਂ ਦੱਸਇਆ ਕਿ ਕਿਸ ਤਰ੍ਹਾਂ ਨਿਊਜ਼ ਚੈਨਲਾਂ ਵਿੱਚ ਟੀਆਰਪੀ ਦੀ ਹੋੜ ਮੱਚੀ ਹੋਈ ਹੈ। ਦਰਅਸਲ ਟੀਆਰਪੀ ਕੱਢਣ ਵਾਲੀ ਸੰਸਥਾ BRAC ਤੇ ਲੋਕਾਂ ਦੇ ਘਰ ਟੀਆਰਪੀ ਲਈ ਮੀਟਰ ਲਾਉਣ ਵਾਲੀ ਏਜੰਸੀ ਹੰਸਾ ਗਰੁੱਪ ਨੇ ਖ਼ੁਦ ਹੀ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ TRP ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਮੁੰਬਈ ਪੁਲਿਸ ਹਰਕਤ ਵਿੱਚ ਆਈ ਤੇ ਪ੍ਰੈਸ ਕਾਨਫਰੰਸ ਕਰਕੇ ਮਾਮਲਾ ਸਭ ਦੇ ਸਾਹਮਣੇ ਲਿਆਂਦਾ। ਦੱਸ ਦੇਈਏ ਇਹ ਪਹਿਲਾ ਮੌਕਾ ਨਹੀਂ ਜਦੋਂ ਰਿਬਪਲਿਕ ਟੀਵੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਤੋਂ ਪਹਿਲਾਂ 2017 ਵਿੱਚ ਵੀ ਰਿਬਪਲਿਕ ‘ਤੇ TRP ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਸਨ।

ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਿਪਬਲਿਕ ਟੀਵੀ ਵੱਲੋਂ ਉਨ੍ਹਾਂ ਘਰਾਂ ਦੇ ਮਾਲਕਾਂ ਨੂੰ ਰਿਸ਼ਵਤ ਦਿੱਤੀ ਗਈ, ਜਿਨ੍ਹਾਂ ਦੇ ਘਰ TRP ਜੋੜਨ ਲਈ ਬੈਰੋਮੀਟਰ ਲੱਗੇ ਹੋਏ ਹਨ। ਇਨ੍ਹਾਂ ਘਰਾਂ ਦੀ ਪਛਾਣ ਕਰਨ ਲਈ ਚੈਨਲ ਵੱਲੋਂ ਬੈਰੋਮੀਟਰ ਫਿੱਟ ਕਰਨ ਵਾਲੀ ਏਜੰਸੀ ਹੰਸਾ ਰਿਸਰਚ ਗਰੁੱਪ ਦੇ ਕੰਮ ਛੱਡ ਕੇ ਜਾ ਚੁੱਕੇ ਬੰਦਿਆਂ ਨੂੰ ਰਿਸ਼ਵਤ ਦਿੱਤੀ ਗਈ। ਹਰ ਘਰ ਨੂੰ ਵੀ ਰੋਜ਼ਾਨਾ 400-500 ਰੁਪਏ ਦਿੱਤੇ ਗਏ ਕਿ ਉਹ ਵਿਸ਼ੇਸ਼ ਚੈਨਲ ਲਾ ਕੇ ਰੱਖਣ ਜਿਸ ਨਾਲ ਉਨ੍ਹਾਂ ਦਾ TRP ਜ਼ਿਆਦਾ ਆ ਸਕੇ। ਮੁੰਬਈ ਪੁਲਿਸ ਕਮਿਸ਼ਨਰ ਦਾ ਇਹ ਵੀ ਕਹਿਣਾ ਹੈ ਕਿ ਕੁਝ ਘਰ, ਜਿਨ੍ਹਾਂ ਵਿੱਚ ਬੈਰੋਮੀਟਰ ਲੱਗੇ ਹੋਏ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਸਮਝ ਨੀ ਨਹੀਂ ਆਉਂਦੀ, ਉਨ੍ਹਾਂ ਨੂੰ ਵੀ ਅੰਗਰੇਜ਼ੀ ਚੈਨਲ ਲਾ ਕੇ ਰੱਖਣ ਲਈ ਕਿਹਾ ਗਿਆ ਤਾਂ ਕਿ ਉਨ੍ਹਾਂ ਦਾ TRP ਵਧੀਆ ਆ ਸਕੇ।

ਰਿਪਬਲਿਕ ਟੀਵੀ ਦੇ ਨਾਲ ਮੁੰਬਈ ਪੁਲਿਸ ਨੇ ਦੋ ਹੋਰ ਲੋਕਲ ਟੀਵੀ ਚੈਨਲਾਂ; ਫਕਤ ਮਰਾਠੀ ਅਤੇ ਬਾਕਸ ਸਿਨੇਮਾ ਉੱਤੇ ਟੀਆਰਪੀ ਹਾਸਲ ਕਰਨ ਲਈ ਰੇਟਿੰਗਾਂ ਵਿੱਚ ਹੇਰਾਫੇਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਮੁੰਬਈ ਪੁਲਿਸ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਚੈਨਲਾਂ ਦੇ ਇੱਕ ਵਰਗ ਵੱਲੋਂ ਟੀਆਰਪੀ ਲਈ ਵਿਸ਼ੇਸ਼ ਘਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਵਿਸ਼ੇਸ਼ ਚੈਨਲ ਦੇਖਣ ਲਈ ਰਿਸ਼ਵਤ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਟੈਲੀਵਿਜ਼ਨ ਚੈਨਲਾਂ ਦੇ ਮਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹਾਲਾਂਕਿ ਰਿਪਬਲਿਕ ਟੀਵੀ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਚੈਨਲ ਦਾ ਕਹਿਣਾ ਹੈ ਕਿ ਉਸ ਨੂੰ ਸੁਸ਼ਾਂਤ ਰਾਜਪੂਤ ਕੇਸ ਦੀ ਆਪਣੀ ਕਵਰੇਜ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਿਪਬਲਿਕ ਟੀਵੀ ਚੈਲਨ ਨੇ ਪੁਲਿਸ ਦੀ ਭੂਮਿਕਾ ’ਤੇ ਸਵਾਲ ਉਠਾਏ ਤੇ ਨਾਲ ਹੀ ਮਾਨਹਾਨੀ ਲਈ ਪੁਲਿਸ ’ਤੇ ਮੁਕੱਦਮਾ ਦਰਜ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ ਰਿਪਬਲਿਕ ਦੇ ਸੰਪਾਦਕ ਅਰਣਬ ਗੋਸਵਾਮੀ ਨੇ ਇੱਕ ਵੀਡੀਓ ਜਾਰੀ ਕਰਕੇ ਵੀ ਪੁਲਿਸ ਕਮਿਸ਼ਨਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ਉਨ੍ਹਾਂ ’ਤੇ ਇਸ ਲਈ ਕਾਰਵਾਈ ਕਰ ਰਹੀ ਹੈ ਕਿਉਂਕਿ ਉਨ੍ਹਾਂ ਕਈ ਵਾਰ ਮਹਾਂਰਾਸ਼ਟਰ ਸਰਕਾਰ ਖ਼ਿਲਾਫ਼ ਖ਼ਬਰਾਂ ਚਲਾਈਆਂ ਹਨ।

ਪਹਿਲਾਂ ਇੰਡੀਆ ਟੁਡੇ, ਫਿਰ ਰਿਬਪਲਿਕ!

ਦੱਸ ਦੇਈਏ ਪਹਿਲਾਂ ਪੁਲਿਸ ਨੇ ਜੋ ਮਾਮਲਾ ਦਰਜ ਕੀਤਾ ਸੀ, ਉਸ FIR ਵਿੱਚ ਰਿਪਬਲਿਕ ਦਾ ਨਹੀਂ, ਬਲਕਿ ਇੰਡੀਆ ਟੁਡੇ ਦਾ ਨਾਂ ਲਿਖਿਆ ਗਿਆ ਸੀ, ਪਰ ਜਦੋਂ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਸਿਰਫ ਰਿਪਬਲਿਕ ਟੀਵੀ ਦਾ ਹੀ ਨਾਂ ਲਿਆ। ਬਾਅਦ ਵਿੱਚ ਸਫਾਈ ਦਿੰਦਿਆ ਪੁਲਿਸ ਨੇ ਕਿਹਾ ਕਿ ਐਫਆਈਆਰ ਵਿੱਚ ਤੇ ਰਿਮਾਂਡ ਨੋਟ ‘ਤੇ ਵੀ ਇੰਡੀਆ ਟੁਡੇ ਦਾ ਨਾਂ ਜ਼ਰੂਰ ਲਿਖਿਆ ਗਿਆ ਸੀ, ਪਰ ਜਦੋਂ ਗਵਾਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਇੰਡੀਆ ਟੁਡੇ ਦਾ ਨਾਂ ਸਾਹਮਣੇ ਨਹੀਂ ਆਇਆ, ਬਲਕਿ ਰਿਪਬਲਿਕ ਟੀਵੀ ਦਾ ਨਾਂ ਲਿਆ ਗਿਆ। ਹੁਣ ਰਿਪਬਲਿਕ ਟੀਵੀ ਇਸੇ ਗੱਲ ਨੂੰ ਆਧਾਰ ਬਣਾ ਕੇ ਮੁੰਬਈ ਪੁਲਿਸ ਦੀ ਭੂਮਿਕਾ ’ਤੇ ਸਵਾਲ ਖੜੇ ਕਰ ਰਿਹਾ ਹੈ।

ਕੀ ਹੁੰਦਾ ਹੈ TRP?

TRP ਦਾ ਪੂਰਾ ਨਾਂ ਹੈ ਟੈਲੀਵਿਜ਼ਨ ਰੇਟਿੰਗ ਪੁਆਇੰਟ। ਇਹ ਇੱਕ ਤਰ੍ਹਾਂ ਦਾ ਪੈਮਾਨਾ ਹੈ ਜਿਸ ਨਾਲ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਕੋਈ ਚੈਨਲ ਜਾਂ ਪ੍ਰੋਗਰਾਮ ਕਿੰਨਾ ਲੋਕਪ੍ਰਿਯ ਹੈ, ਜਾਂ ਕਿੰਨੇ ਲੋਕ ਉਸ ਚੈਨਲ ਜਾਂ ਪ੍ਰੋਗਰਾਮ ਨੂੰ ਵੇਖ ਰਹੇ ਹਨ। ਇਸ ਨੂੰ ਇਕ ਉਦਾਹਰਨ ਜ਼ਰੀਏ ਸਮਝਿਆ ਜਾ ਸਕਦਾ ਹੈ। ਜਿਵੇਂ ਯੂਟਿਊਬ ’ਤੇ ਅਸੀਂ ਇੱਕ ਵੀਡੀਓ ਦੇ ਵਿਊਜ਼ ਅਤੇ ਕੁਮੈਂਟਸ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਕਿ ਉਹ ਵੀਡੀਓ ਕਿੰਨੀ ਮਕਬੂਲ ਹੈ, ਇਸੇ ਤਰ੍ਹਾਂ ਟੀਵੀ ਚੈਨਲ ਜਾਂ ਪ੍ਰੋਗਰਾਮ ਦੀ ਟੀਆਰਪੀ ਨਾਲ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਹ ਕਿੰਨਾ ਮਕਬੂਲ ਹੈ, ਜਾਂ ਉਸ ਨੂੰ ਕਿੰਨੇ ਲੋਕ ਪਸੰਦ ਕਰਦੇ ਹਨ।

ਕੌਣ ਕੱਢਦਾ ਹੈ TRP?

TRP ਮਾਪਣ ਦਾ ਕੰਮ ਇੱਕ ਏਜੰਸੀ ਕਰਦੀ ਹੈ ਜਿਸ ਦਾ ਨਾਂ ਹੈ BARC (ਬਰੌਡਕਾਸਟ ਆਡੀਐਂਸ ਰਿਸਰਚ ਕੌਂਸਲ)। 2015 ਤੋਂ ਬਾਅਦ ਇਹ ਇਕਲੌਤੀ ਕਮਰਸ਼ੀਅਲ ਦੇ ਆਧਾਰ ’ਤੇ ਟੀਵੀ ਰੇਟਿੰਗ ਏਜੰਸੀ ਹੈ ਜੋ TRP ਮਾਪਣ ਦਾ ਕੰਮ ਕਰਦੀ ਹੈ। BARC ਹਰ ਹਫ਼ਤੇ ਆਪਣੀ ਵੈਬਸਾਈਟ ’ਤੇ ਵੱਖ-ਵੱਖ ਚੈਨਲਾਂ ਤੇ ਪ੍ਰੋਗਰਾਮਾਂ ਦੇ TRP ਦੇ ਨਤੀਜੇ ਐਲਾਨ ਕਰਦੀ ਹੈ। ਹਰ ਸ਼੍ਰੇਣੀ (ਕੈਟੇਗਰੀ) ਦਾ ਵੱਖਰਾ TRP ਕੱਢਿਆ ਜਾਂਦਾ ਹੈ। ਮਨੋਰੰਜਨ, ਖ਼ਬਰ, ਹਿੰਦੀ ਖ਼ਬਰ, ਅੰਗਰੇਜ਼ੀ ਖ਼ਬਰ, ਆਦਿ ਸ਼੍ਰੇਣੀਆਂ ਦੇ ਵੱਖਰੇ-ਵੱਖਰੇ TRP ਮਾਪੇ ਜਾਂਦੇ ਹਨ।

ਕਿਵੇਂ ਮਾਪਿਆ ਜਾਂਦਾ ਹੈ TRP?

TRP ਕੱਢਣ ਲਈ BARC ਏਜੰਸੀ ਵੱਲੋਂ ਕੁਝ ਚੋਣਵੇਂ ਘਰਾਂ ਵਿੱਚ ਮੀਟਰ ਲਗਾਏ ਜਾਂਦੇ ਹਨ। ਇਹ ਮੀਟਰ ਇੱਕ ਬੈਰੋਮੀਟਰ ਹੁੰਦਾ ਹੈ ਜੋ ਵਿਊਅਰਸ਼ਿਪ ਨੂੰ ਰਿਕਾਰਡ ਕਰਦਾ ਹੈ। ਇਸ ਮੀਟਰ ਨੂੰ ‘ਪੀਪਲਜ਼ ਮੀਟਰ’ ਵੀ ਕਿਹਾ ਜਾਂਦਾ ਹੈ। ਮੀਟਰ ਰਿਕਾਰਡ ਕਰਦਾ ਹੈ ਕਿ ਉਸ ਘਰ ਵਿੱਚ ਟੀਵੀ ’ਤੇ ਕਿਹੜਾ ਚੈਨਲ ਕਿੰਨੇ ਟਾਈਮ ਤਕ ਵੇਖਿਆ ਗਿਆ। BARC ਵੱਲੋਂ ਹਰ ਹਫ਼ਤੇ ਇੰਨ੍ਹਾਂ ਮੀਟਰਾਂ ਦੀ ਰੀਡਿੰਗ ਨੋਟ ਕੀਤੀ ਜਾਂਦੀ ਹੈ। ਇਸ ਤੋਂ ਪਤਾ ਲਾਇਆ ਜਾਂਦਾ ਹੈ ਕਿ ਕਿੰਨੀ ਦੇਰ ਲਈ ਕਿਹੜਾ ਚੈਨਲ ਵੇਖਿਆ ਗਿਆ। ਇਸੇ ਤਰ੍ਹਾਂ ਪ੍ਰੋਗਰਾਮਾਂ ਲਈ, ਕਿ ਕਿਸੇ ਚੈਨਲ ਦਾ ਕਿਹੜਾ ਪ੍ਰੋਗਰਾਮ ਕਿੰਨੀ ਦੇਰ ਲਈ ਵੇਖਿਆ ਗਿਆ।

BARC ਦੇਸ਼ ਦੇ ਹਰ ਘਰ ਵਿੱਚ ਮੀਟਰ ਨਹੀਂ ਲਾ ਸਕਦਾ। ਇਸ ਲਈ ਲਗਭਗ 40 ਹਜ਼ਾਰ ਘਰਾਂ ਵਿੱਚ ਇਹ ਮੀਟਰ ਲਾਏ ਜਾਂਦੇ ਹਨ। ਇਸੇ ਅੰਕੜੇ ਦੇ ਆਧਾਰ ’ਤੇ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਪੂਰੇ ਦੇਸ਼ ਵਿੱਚ ਕਿਹੜਾ ਚੈਨਲ ਜਾਂ ਪ੍ਰੋਗਰਾਮ ਸਭ ਤੋਂ ਵੱਧ ਵੇਖਿਆ ਜਾ ਰਿਹਾ ਹੈ। ਇਹ ਮੀਟਰ ਦੇਸ਼ ਦੇ ਹਰੇਕ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲਾਏ ਜਾਂਦੇ ਹਨ। ਸ਼ਹਿਰੀ ਤੇ ਦਿਹਾਤੀ ਖੇਤਰ, ਲੋਕਾਂ ਦੇ ਵੱਖ-ਵੱਖ ਸੱਭਿਆਚਾਰ ਅਤੇ ਆਮਦਨ ਦਾ ਵੀ ਧਿਆਨ ਰੱਖਿਆ ਜਾਂਦਾ ਹੈ।

ਕਿਹੜੇ ਘਰਾਂ ’ਚ ਲਾਇਆ ਜਾਂਦਾ ਹਾ TRP ਮੀਟਰ?

ਹੁਣ ਗੱਲ ਆਉਂਦੀ ਹੈ ਕਿ ਕਿਹੜੇ ਘਰਾਂ ਵਿੱਚ ਮੀਟਰ ਲਾਇਆ ਜਾਂਦਾ ਹੈ। ਦਰਅਸਲ ਇਸ ਨੂੰ ਗੁਪਤ ਰੱਖਿਆ ਜਾਂਦਾ ਹੈ। ਜੇ ਪਤਾ ਲੱਗ ਜਾਵੇ ਕਿ ਇੱਕ ਵਿਸ਼ੇਸ਼ ਘਰ ਵਿੱਚ ਮੀਟਰ ਲੱਗਾ ਹੋਇਆ ਹੈ ਤਾਂ ਉਸ ਘਰ ਦੇ ਟੀਵੀ ’ਤੇ ਵਿਸ਼ੇਸ਼ ਚੈਨਲ ਲਾ ਕੇ TRP ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।

ਦੂਸਰੀ ਗੱਲ, BARC ਖ਼ੁਦ ਲੋਕਾਂ ਘਰਾਂ ਵਿੱਚ ਜਾ ਕੇ ਮੀਟਰ ਫਿੱਟ ਨਹੀਂ ਕਰਦਾ, ਇਹ ਕੰਮ BARC ਨੇ ਅੱਗੇ ਇੱਕ ਹੋਰ ਏਜੰਸੀ ਨੂੰ ਦਿੱਤਾ ਹੋਇਆ ਹੈ ਜਿਸ ਦਾ ਨਾਮ ਹੰਸਾ ਰਿਸਰਚ ਗਰੁੱਪ (Hansa Research) ਹੈ। ਹੰਸਾ ਰਿਸਰਚ ਹੀ ਲੋਕਾਂ ਦੇ ਘਰਾਂ ਵਿੱਚ ਬੈਰੋਮੀਟਰ ਲਾਉਂਦਾ ਹੈ।

ਕਿਉਂ ਜ਼ਰੂਰੀ ਹੈ TRP?

ਦਰਅਸਲ TRP ਹੀ ਚੈਨਲਾਂ ਦੀ ਕਮਾਈ ਦਾ ਸਾਧਨ ਹੈ। ਟੀਆਰਪੀ ਜਿੰਨਾ ਜ਼ਿਆਦਾ ਹੋਏਗਾ, ਚੈਨਲ ਨੂੰ ਓਨਾ ਜ਼ਿਆਦਾ ਪੈਸਾ ਮਿਲੇਗਾ। ਅਸੀਂ ਅਕਸਰ ਵੇਖਦੇ ਹਾਂ ਕਿ ਟੀਵੀ ’ਤੇ ਜਦੋਂ ਕੋਈ ਪ੍ਰੋਗਰਾਮ ਜਾਂ ਖ਼ਬਰ ਵੇਖਦੇ ਹਾਂ ਤਾਂ ਵਿੱਚ ਸਮੇਂ-ਸਮੇਂ ’ਤੇ ਮਸ਼ਹੂਰੀਆਂ (ਐਡਜ਼) ਆਉਂਦੀਆਂ ਰਹਿੰਦੀਆਂ ਹਨ। ਇਹ ਮਸ਼ਹੂਰੀਆਂ ਕਿਸੇ ਉਤਪਾਦ (ਪ੍ਰੋਡਕਟ) ਜਾਂ ਸਰਵਿਸ ਦੀਆਂ ਹੁੰਦੀਆਂ ਹਨ।

ਉਤਪਾਦ ਨਿਰਮਾਤਾ (ਐਡਵਰਟਾਈਜ਼ਰਸ) ਲੋਕਾਂ ਤਕ ਆਪਣੇ ਉਤਪਾਦਾਂ ਦੀ ਜਾਣਕਾਰੀ ਦੇਣ ਲਈ ਟੀਵੀ ’ਤੇ ਉਸ ਦੀ ਮਸ਼ਹੂਰੀ ਦਿੰਦੇ ਹਨ। ਹਰ ਕੋਈ ਐਡਵਰਟਾਈਜ਼ਰ ਚਾਹੇਗਾ ਕਿ ਉਸ ਦਾ ਪ੍ਰੋਡਕਟ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚੇ। ਇਸ ਲਈ ਉਹ ਉਸੇ ਚੈਨਲ ਨੂੰ ਆਪਣੀ ਮਸ਼ਹੂਰੀ ਚਲਾਉਣ ਲਈ ਦਿੰਦਾ ਹੈ, ਜਿਸ ਨੂੰ ਜ਼ਿਆਦਾ ਲੋਕ ਦੇਖਦੇ ਹੋਣ, ਯਾਨੀ ਜਿਸ ਦਾ TRP ਜ਼ਿਆਦਾ ਹੋਵੇ।

ਇਸ ਤੋਂ ਇਲਾਵਾ ਟੀਵੀ ਚੈਨਲਾਂ ਲਈ ਉਂਞ ਵੀ ਜਾਣਨਾ ਜ਼ਰੂਰੀ ਹੈ ਕਿ ਉਨ੍ਹਾਂ ਦਾ ਕਿਹੜਾ ਪ੍ਰੋਗਰਾਮ ਜ਼ਿਆਦਾ ਵੇਖਿਆ ਜਾ ਰਿਹਾ ਹੈ ਤੇ ਕਿਹੜਾ ਨਹੀਂ। ਇਸ ਤੋਂ ਫਾਇਦਾ ਇਹ ਮਿਲਦਾ ਹੈ ਕਿ ਜੋ ਪ੍ਰੋਗਰਾਮ ਜ਼ਿਆਦਾ ਪਸੰਦੀਦਾ ਹੁੰਦਾ ਹੈ, ਉਸ ਨੂੰ ਹੋਰ ਲੰਬਾ ਖਿੱਚਿਆ ਜਾ ਸਕਦਾ ਹੈ। ਜੋ ਪ੍ਰੋਗਰਾਮ ਵੇਖੇ ਨਹੀਂ ਜਾ ਰਹੇ, ਜਾਂ ਤਾਂ ਉਨ੍ਹਾਂ ਨੂੰ ਹੋਰ ਬਿਹਤਰ ਕੀਤਾ ਜਾਂਦਾ ਹੈ ਜਾਂ ਫਿਰ ਉਨ੍ਹਾਂ ’ਤੇ ਹੋਰ ਖ਼ਰਚਾ ਨਹੀਂ ਕੀਤਾ ਜਾਂਦਾ ਤੇ ਖ਼ਤਮ ਕਰ ਦਿੱਤਾ ਜਾਂਦਾ ਹੈ।

Comments are closed.