India Punjab

ਅੱਜ ਪੂਰੇ ਦੇਸ਼ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਕੀਤੇ ਗਏ ਭੇਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੂਰੇ ਪੰਜਾਬ ਅਤੇ ਦੇਸ਼ ਭਰ ਵਿੱਚ ਪਿੰਡਾਂ, ਸ਼ਹਿਰਾਂ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ ਗਿਆ। ਦੁਪਹਿਰ 12 ਵਜੇ ਕਿਸਾਨੀ ਮੋਰਚੇ ਵਿੱਚ ਅਰਦਾਸ ਕਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ਼ਾਮ ਨੂੰ ਮੋਮਬੱਤੀਆਂ ਜਗਾ ਕੇ ਮਾਰਚ ਕੀਤਾ ਜਾਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਣ ਲਈ ਪ੍ਰਚਾਰ ਸਾਧਨਾਂ ਵਿੱਚ ਸਿਰੇ ਦਾ ਜ਼ੋਰ ਲਾ ਰਹੀ ਹੈ। ਲੀਡਰਾਂ ਨੇ ਕਿਹਾ ਕਿ ਜਿੱਥੇ ਸ਼ਬਦੀ ਹਮਲਾ ਪਹਿਲਾਂ ਵੀ ਅਤੇ ਹੁਣ ਵੀ ਪੂਰੇ ਜ਼ੋਰ ਨਾਲ ਜਾਰੀ ਹੈ, ਉੱਥੇ ਹੁਣ ਵਿਦੇਸ਼ੀ ਸਹਾਇਤਾ, ਜਥੇਬੰਦੀਆਂ ਦੇ ਮੁੱਦਿਆਂ ਨੂੰ ਉਭਾਰ ਕੇ ਲੋਕਾਂ ਵਿੱਚ ਬਦਨਾਮ ਕਰਨ ਅਤੇ ਅੰਦੋਲਨ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਦਾਅਵਾ ਦੁਹਰਾਅ ਰਹੀ ਹੈ।

 

ਮੋਦੀ ਹਕੂਮਤ ਖੇਤੀ ਕਾਨੂੰਨ ਵਾਪਸ ਲੈਣ, ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਦਾ ਕਾਨੂੰਨੀ ਹੱਕ ਦੇਣ ਦੀ ਬਜਾਏ ਅੰਦੋਲਨ ਨੂੰ ਬਦਨਾਮ ਕਰਕੇ ਲੋਕਾਂ ਵਿੱਚੋਂ ਲੀਡਰਾਂ ਦਾ ਭਰੋਸਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਪਹਿਲਾਂ ਦੀ ਤਰ੍ਹਾਂ ਇਹਨਾਂ ਦੀ ਛਲ ਨੀਤੀ ਨੂੰ ਫੇਲ੍ਹ ਕਰਾਂਗੇ। ਜਥੇਬੰਦੀ ਨੇ ਆੜ੍ਹਤੀਆਂ ਅਤੇ ਵਪਾਰੀਆਂ ਨੂੰ ਧਮਕਾਉਣ ਅਤੇ ਉਹਨਾਂ ਖਿਲਾਫ ਬਦਲੇ ਦੀ ਭਾਵਨਾ ਨਾਲ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਕਰਵਾਏ ਜਾਣ ਦੀ ਨਿੰਦਾ ਕੀਤੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉੱਪਰ ਦਿੱਤੇ ਗਏ ਪੱਖ ਉਭਾਰੇ ਗਏ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਵੱਲ ਕੂਚ ਕਰਨ ਲਈ 25 ਦਸੰਬਰ ਦੀ ਤਿਆਰੀ ਪੂਰੇ ਜ਼ੋਰਾਂ ਉੱਤੇ ਹੈ।