‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਰਨ ਤਾਰਨ ਜ਼ਿਲ੍ਹੇ ਵਿੱਚ ਸਿੱਖ ਖਾੜਕੂ ਲਹਿਰ ਦੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਪਰਿਵਾਰ ਨੇ ਤਿੰਨ ਦਹਾਕਿਆਂ ਤੋਂ ਬਾਅਦ ਪੁਲਿਸ ਵੱਲੋਂ ਕਬਜ਼ੇ ਵਿੱਚ ਲਈ ਗਈ ਆਪਣੀ ਜ਼ਮੀਨ ਨੂੰ ਛੁਡਾ ਲਿਆ ਹੈ। ਗੁਰਬਚਨ ਸਿੰਘ ਮਾਨੋਚਾਹਲ ਦੇ ਪਰਿਵਾਰ ਨੂੰ ਆਪਣੀ ਜ਼ਮੀਨ ਪੁਲਿਸ ਕਬਜ਼ੇ ਵਿੱਚੋਂ ਛੁਡਾਉਣ ਲਈ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਹੈ। ਬਾਬਾ ਮਾਨੋਚਾਹਲ ਦੇ ਛੋਟੇ ਭਰਾ ਤਰਲੋਚਨ ਸਿੰਘ ਅਤੇ ਨਿੰਦਰ ਸਿੰਘ ਨੂੰ ਇਸ ਜਾਇਦਾਦ ਦਾ ਕਬਜ਼ਾ ਲੈਣ ਲਈ ਹੇਠਲੀ ਅਦਾਲਤ ਤੋਂ ਲੈ ਕੇ ਸਰਬਉੱਚ ਅਦਾਲਤ ਤੱਕ ਲੰਬੀ ਲੜਾਈ ਲੜਨੀ ਪਈ ਹੈ। ਸਾਲ 1990-91 ਵਿੱਚ ਜ਼ਿਲ੍ਹਾ ਪੁਲਿਸ ਨੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਮੁੱਖ ਸੜਕ ’ਤੇ ਸਥਿਤ ਗੁਰਬਚਨ ਸਿੰਘ ਮਾਨੋਚਾਹਲ ਦੀ ਤਿੰਨ ਕਨਾਲ ਤੋਂ ਵੱਧ ਜਾਇਦਾਦ ’ਤੇ ਕਬਜ਼ਾ ਕਰ ਕੇ ਇੱਥੇ ਥਾਣਾ ਸਰਹਾਲੀ ਦੀ ਪੁਲੀਸ ਚੌਂਕੀ ਬਿਠਾ ਦਿੱਤੀ ਸੀ। ਆਪਣੀ ਜਾਇਦਾਦ ਦਾ ਕਬਜ਼ਾ ਲੈਣ ਮਗਰੋਂ ਬਾਬਾ ਮਾਨੋਚਾਹਲ ਦੇ ਛੋਟੇ ਭਰਾ ਤਰਲੋਚਨ ਸਿੰਘ ਅਤੇ ਨਿੰਦਰ ਸਿੰਘ ਦਾ ਪਰਿਵਾਰ ਇੱਥੇ ਰਹਿਣ ਲਈ ਆ ਗਏ ਹਨ।

ਬਾਬਾ ਗੁਰਬਚਨ ਸਿੰਘ ਮਾਨੋਚਾਹਲ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੇ ਆਪਣੇ-ਆਪ ਬਣੇ ਹੋਏ ਕਮਾਂਡਰ ਸਨ। ਨਵੰਬਰ, 1985 ਵਿੱਚ ਜਦੋਂ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਮਾਨੋਚਾਹਲ ਕਲਾਂ ’ਚ ਘੇਰਾ ਪਾਇਆ ਹੋਇਆ ਸੀ ਤਾਂ ਉਹ ਗੋਲੀਆਂ ਚਲਾ ਕੇ ਬਚ ਨਿਕਲੇ ਸੀ। ਬਾਬਾ ਮਾਨੋਚਾਹਲ ਨੂੰ ਫਰਵਰੀ, 1993 ਵਿੱਚ ਪਿੰਡ ਰਟੌਲ ਵਿੱਚ ਹੋਏ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਬਾਬਾ ਮਾਨੋਚਾਹਲ ਦੇ ਭਰਾ ਨਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਕਿਸੇ ਨੂੰ ਕੁੱਝ ਵੀ ਦੱਸਣ ਤੋਂ ਮਨ੍ਹਾ ਕੀਤਾ ਹੋਇਆ ਹੈ। ਇਸ ਲਈ ਉਹ ਇਸ ਬਾਰੇ ਆਪਣੇ ਵਿਚਾਰ ਪੇਸ਼ ਨਹੀਂ ਕਰ ਸਕਦੇ। 

ਕਬਜ਼ੇ ਵਾਲੀ ਥਾਂ ਤੋਂ ਕੰਮ ਕਰਦੀ ਪੁਲਿਸ ਚੌਂਕੀ ਨੇ ਹੁਣ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਬੰਦ ਪਈ ਇਮਾਰਤ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਚੌਂਕੀ ਦੇ ਇੰਚਾਰਜ ਏਐੱਸਆਈ ਜਸਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਥਾਂ ਦਾ ਕਬਜ਼ਾ ਬਾਬਾ ਗੁਰਬਚਨ ਸਿੰਘ ਦੇ ਪਰਿਵਾਰ ਨੂੰ ਦੇ ਦਿੱਤਾ ਹੈ। ਸਕੂਲ ਦੀ ਬੰਦ ਇਮਾਰਤ ਨੂੰ ਵਰਤੋਂ ਯੋਗ ਬਣਾਉਣ ਲਈ ਪੁਲੀਸ ਨੂੰ ਪੱਲਿਓਂ ਪੈਸੇ ਖਰਚ ਕਰਨੇ ਪੈ ਰਹੇ ਹਨ। 

Leave a Reply

Your email address will not be published. Required fields are marked *