International

ਇਸ ਵਾਰ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵੱਖਰੇ ਤਰੀਕੇ ਨਾਲ ਹੋਣਗੀਆਂ

‘ਦ ਖ਼ਾਲਸ ਬਿਊਰੋ ਨਿਊਜ਼ੀਲੈਂਡ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਇੱਕ ਮਹੀਨਾ ਮੁਲਤਵੀ ਹੋਈਆਂ ਆਮ ਚੋਣਾਂ ਆਖ਼ਰਕਾਰ ਹੋ ਰਹੀਆਂ ਹਨ। ਦੇਸ਼ ਦੀ ਮਹਿਲਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਕੋਰੋਨਾ ਮਹਾਂਮਾਰੀ ਨਾਲ ਕਾਰਗਰ ਤਰੀਕੇ ਨਾਲ ਨਜਿੱਠਣ ਕਰਕੇ ਇਸ ਵਾਰ ਸਪੱਸ਼ਟ ਸੰਸਦੀ ਬਹੁਮੱਤ ਮਿਲਣ ਦੀ ਉਮੀਦ ਹੈ।

ਜੇਕਰ ਉਨ੍ਹਾਂ ਨੂੰ ਬਹੁਮੱਤ ਮਿਲ ਜਾਂਦਾ ਹੈ ਤਾਂ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ 1996 ਵਿੱਚ ਮਿਕਸਡ ਮੈਂਬਰ ਪਰਪੋਰਸ਼ਨਲ (MMP) ਨੁਮਾਇੰਦਗੀ ਵਾਲੀ ਸੰਸਦੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਪਾਰਟੀ ਨੂੰ ਲੋਕ ਦੂਜੀ ਵਾਰ ਸਰਕਾਰ ਬਣਾਉਣ ਦਾ ਮੌਕਾ ਦੇਣਗੇ।

ਚੋਣਾਂ ਦੇ ਮੁੱਖ ਮੁੱਦੇ ਕੀ ਹਨ?

 ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਮੁੜ ਚੁਣੇ ਜਾਣ ‘ਤੇ ਵਾਤਾਵਰਣ ਪੱਖੀ ਨੀਤੀਆਂ ਲਿਆਉਣ, ਸਕੂਲਾਂ ਲਈ ਫੰਡਿੰਗ ਵਧਾਉਣ ਅਤੇ ਦੇਸ਼ ਦੇ ਸਿਖਰਲੇ ਅਮੀਰਾਂ ਉੱਪਰ ਆਮਦਨ ਕਰ 2 ਫ਼ੀਸਦੀ ਹੋਰ ਵਧਾਉਣ ਦਾ ਐਲਾਨ ਕੀਤਾ ਹੋਇਆ ਹੈ।

ਕੌਣ ਹੈ ਆਰਡਨ ਦਾ ਵਿਰੋਧੀ ਉਮੀਦਵਾਰ ?

ਆਰਡਨ ਦੇ ਵਿਰੋਧ ਵਿੱਚ 61 ਸਾਲਾ ਸਾਬਕਾ ਵਕੀਲ ਜੁਡੀਥ ਕੋਲਿਨਸ ਹਨ ਜੋ ਕਿ ਨੈਸ਼ਨਲ ਪਾਰਟੀ ਦੇ ਉਮੀਦਵਾਰ ਹਨ। ਇਹ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਵਿੱਚੋਂ ਇੱਕ ਹੈ। ਨੈਸ਼ਨਲ ਪਾਰਟੀ ਨੇ ਬੁਨਿਆਦੀ ਢਾਂਚੇ, ਕਰਜ਼ ਘਟਾਉਣ ਅਤੇ ਕਰਾਂ ਵਿੱਚ ਆਰਜੀ ਰਾਹਤ ਦਾ ਵਾਅਦਾ ਕੀਤਾ ਹੈ।

ਚੋਣਾਂ ਦੇ ਨਾਲ ਹੋ ਰਹੀ ਰਾਇਸ਼ੁਮਾਰੀ ਦੇ ਅਹਿਮ ਮੁੱਦੇ

ਵੋਟਰ ਆਮ ਚੋਣਾਂ ਦੇ ਨਾਲ ਦੋ ਰਾਇਸ਼ੁਮਾਰੀਆਂ ਲਈ ਵੀ ਵੋਟ ਕਰਨ ਰਹੇ ਹਨ। ਆਪਣੀ ਪੰਸਦੀਦਾ ਪਾਰਟੀ ਅਤੇ ਉਮੀਦਵਾਰ ਚੁਣਨ ਤੋਂ ਇਲਾਵਾ ਨਿਊਜ਼ੀਲੈਂਡ ਵਾਸੀਆਂ ਨੂੰ ਇੱਕ ਹੋਰ ਮਤ ਪਰਚੀ ਦਿੱਤੀ ਜਾ ਰਹੀ ਹੈ ਜਿਸ ਉੱਪਰ ਉਨ੍ਹਾਂ ਨੇ ਦੋ ਅਹਿਮ ਮੁੱਦਿਆਂ ਬਾਰੇ ਆਪਣੀ ਰਾਇ ਜ਼ਾਹਰ ਕਰਨੀ ਹੈ।

  • ਪਹਿਲੀ ਰਾਇਸ਼ੁਮਾਰੀ ਸਵੈ-ਇੱਛਾ ਮੌਤ ਬਾਰੇ ਹੈ। ਇਸ ਵਿੱਚ ਪੁੱਛਿਆ ਗਿਆ ਹੈ ਕੀ ਐਂਡ ਆਫ਼ ਲਾਈਫ਼ ਐਕਟ 2019 ਅਮਲ ਵਿੱਚ ਆਉਣਾ ਚਾਹੀਦਾ ਹੈ? ਇਹ ਐਕਟ ਮਾਰੂ ਰੋਗ ਦੇ ਮਰੀਜ਼ਾਂ ਨੂੰ ਆਪਣੀ ਇੱਛਾ ਨਾਲ ਮਰਨ ਵਿੱਚ ਮਦਦ ਕਰਨ ਦੀ ਬੇਨਤੀ ਕਰਨ ਦਾ ਹੱਕ ਦਿੰਦਾ ਹੈ।
  • ਦੂਜੀ ਰਾਇਸ਼ੁਮਾਰੀ ਵਿੱਚ ਲੋਕਾਂ ਨੂੰ ਭੰਗ ਦੀ ਮਨੋਰੰਜਕ ਉਦੇਸ਼ਾਂ ਲਈ ਪ੍ਰਵਾਨਗੀ ਦੇਣ ਬਾਰੇ ਰਾਇ ਪੁੱਛੀ ਗਈ ਹੈ।