Punjab

ਇਨ੍ਹਾਂ 600 ਲੈਬਾਂ ‘ਚ ਹੋਣਗੇ ਮੁਫ਼ਤ ਕੋਰੋਨਾ ਟੈਸਟ ! ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

‘ਦ ਖ਼ਾਲਸ ਬਿਊਰੋ:- ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵਾਰ-ਵਾਰ ਸੂਚਿਤ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕੋਰੋਨਾ ਦੇ ਫੈਲਣ ਤੋਂ ਬਚਾਅ ਲਈ ਅਤੇ Covid-19 ਦੇ ਟੈਸਟਾਂ ਸਬੰਧੀ ਪੰਜਾਬੀਆਂ ਨੂੰ ਜਾਣਕਾਰੀ ਦਿੱਤੀ ਹੈ ਅਤੇ ਸਾਰਿਆਂ ਸਾਥ ਮੰਗਿਆ ਹੈ।

 

ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਮੇਂ ਸਿਰ ਕਾਰਵਾਈ ਅਤੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ।  ਸਿੱਧੂ ਨੇ ਕਿਹਾ ਕਿ ਇਸ ਬਿਮਾਰੀ ਨੂੰ ਰੋਕਣ ਲਈ ਜਰੂਰੀ ਹੈ ਕਿ ਇਨਫੈਕਸ਼ਨ ਦੀ ਜਲਦੀ ਤੋਂ ਜਲਦ ਪਹਿਚਾਣ ਕੀਤੀ ਜਾਵੇ।

ਸਿਹਤ ਮੰਤਰੀ ਬਲਵੀਰ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਮਾਮੂਲੀ ਜਿਹੇ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਸਰੀਰ ਦਰਦ, ਥਕਾਵਟ, ਅਤੇ  ਵਗਦਾ ਨੱਕ ਆਦਿ ਹਨ ਜਾਂ Covid-19 ਦੇ ਸ਼ੱਕੀ ਮਰੀਜ ਦੇ ਸੰਪਰਕ ਵਿੱਚ ਆਏ ਹੋ ਤਾਂ Covid-19 ਦਾ ਟੈਸਟ ਜਰੂਰ ਕਰਵਾਓ।

ਉਹਨਾਂ ਕਿਹਾ ਕਿ ਇਸ ਬਿਮਾਰੀ ਦੇ ਫੈਲਣ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਦਾ ਮੁੱਖ ਕਾਰਨ ਇਹ ਹੈ ਕਿ ਲੱਛਣ ਹੋਣ ਦੇ ਬਾਵਜੂਦ ਲੋਕ ਸਿਹਤ ਸੰਸਥਾਵਾਂ ਨੂੰ ਦੇਰੀ ਨਾਲ ਸੂਚਿਤ ਕਰਦੇ ਹਨ, ਜਿਸ ਦੇ ਚੱਲਦੇ ਕੋਵਿਡ-19 ਦੇ ਟੈਸਟ ਵਿੱਚ ਦੇਰੀ ਹੋ ਜਾਂਦੀ ਹੈ।

ਕੋਰੋਨਾ ਟੈਸਟ ਕਰਵਾਉਣ ਸਬੰਧੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਸਤੇ ਡਾਕਟਰੀ ਪਰਚੀ ਦੀ ਜਰੂਰਤ ਨਹੀਂ ਹੋਵੇਗੀ। ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ‘ਤੇ  ਉਹਨਾਂ ਲੋਕਾਂ ਨੂੰ ਹਸਪਤਾਲ ਵਿੱਚ ਦਾਖਿਲ ਹੋਣ ਦੀ ਜਰੂਰਤ ਨਹੀਂ, ਜਿਨ੍ਹਾਂ ਕੋਲ ਪਹਿਲਾਂ ਹੀ ਪੁਖਤਾ ਪ੍ਰਬੰਧ ਹਨ, ਉਹ ਆਪਣੇ ਘਰਾਂ ਵਿੱਚ ਹੀ ਆਈਸੋਲੇਟ ਹੋ ਸਕਦੇ ਹਨ।

 

ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ‘ਚ 600 ਸਰਕਾਰੀ (ਸਾਰੇ ਜ੍ਹਿਲਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ ਅਤੇ ਸਮੂਹਦਾਇਕ ਸਿਹਤ ਕੇਂਦਰ) ਅਤੇ 52 ICMR ਵੱਲੋਂ ਮਨਜ਼ੂਰ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਵਿੱਚ ਕੋਰੋਨਾ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ। ਜਿਨ੍ਹਾਂ ਸੈਟਰਾਂ ਦੀ ਲਿਸਟ http://pbhealth.gov.in/Contact%20Details%20of%20COVID-19%20Testing%20Centers.pdf ਵੈਬਸਾਈਟ  ਲਿੰਕ ‘ਤੇ ਉਪਲਬੱਧ ਹੈ।

ਆਖਿਰ ਵਿੱਚ ਸਿੱਧੂ ਨੇ ਕੋਰੋਨਾ ਟੈਸਟਾ ਦੇ ਰੇਟਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਜਿਬ ਰੇਟਾਂ ‘ਤੇ ਟੈਸਟ ਦੀ ਸੁਵਿਧਾ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂ ਪ੍ਰਾਈਵੇਟ ਲੈਬ ‘ਚ Covid-19 ਦੇ ਇੱਕ ਆਰਟੀ-ਪੀਸੀਆਰ ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਨਿਰਧਾਰਿਤ ਕੀਤੇ ਗਏ ਹਨ। ਜਿਸ ਵਿੱਚ GST ‘ਤੇ ਘਰ ਤੋਂ ਸੈਂਪਲ ਪ੍ਰਾਪਤ ਕਰਨ ਦੇ ਸਾਰੇ ਰੇਟ ਸ਼ਾਮਿਲ ਹਨ।