International

ਦੁਬਈ ‘ਚ ਰੁਲ ਰਹੇ ਦੋ ਪੰਜਾਬੀਆਂ ਦੀ ਮਦਦ ਲਈ ਅੱਗੇ ਆਇਆ ਇਹ ਪਾਕਿਸਤਾਨੀ ਨੌਜਵਾਨ

‘ਦ ਖ਼ਾਲਸ ਬਿਊਰੋ:- ਦੁਬਈ ’ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਇੱਕ ਨੌਜਵਾਨ ਰਈਸ ਨੇ ਦੋ ਪੰਜਾਬੀਆਂ ਦੀ ਤਰਸਯੋਗ ਹਾਲਤ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਮਦਦ ਦੀ ਮੰਗ ਕੀਤੀ ਹੈ। ਵੀਡੀਓ ਵਿੱਚ ਉਸ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਠੀਕਰੀਵਾਲ (ਕਾਦੀਆਂ) ਅਤੇ ਚਰਨਜੀਤ ਸਿੰਘ ਵਾਸੀ ਜ਼ਿਲ੍ਹਾ ਕਪੂਰਥਲਾ ਪਿਛਲੇ ਇੱਕ ਹਫਤੇ ਤੋਂ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ, ਉਨ੍ਹਾਂ ਕੋਲ ਕੋਈ ਘਰ ਨਹੀਂ ਹੈ। ਇਨ੍ਹਾਂ ਕੋਲ ਲੋੜੀਂਦੇ ਕਾਗ਼ਜ਼ਾਤ ਨਹੀਂ ਹਨ, ਜਿਸ ਦੇ ਆਧਾਰ ਤੇ ਇਨ੍ਹਾਂ ਦੀ ਸਹੀ ਪਛਾਣ ਕਰਵਾ ਕੇ ਇਨ੍ਹਾਂ ਨੂੰ ਭਾਰਤ ਭੇਜਿਆ ਜਾ ਸਕੇ। ਵੀਡੀਓ ਵਿੱਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪੈਰਾਂ ’ਤੇ ਇੱਕ ਵਾਹਨ ਚੜ੍ਹਨ ਕਾਰਨ ਉਹ ਜ਼ਖ਼ਮੀ ਹੋ ਗਿਆ ਹੈ।

ਗੁਰਦੀਪ ਸਿੰਘ ਦੀ ਮਾਤਾ ਅਤੇ ਚਾਚਾ ਮੰਗਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨਾਲ ਏਜੰਟ ਨੇ ਧੋਖਾ ਕੀਤਾ ਹੈ। ਉਸ ਨੂੰ ਦੋ ਸਾਲ ਦਾ ਵੀਜ਼ਾ ਮਿਲਣ ਦਾ ਕਹਿ ਕੇ ਤਿੰਨ ਮਹੀਨੇ ਦੇ ਟੂਰਿਸਟ ਵੀਜ਼ੇ ’ਤੇ ਭੇਜਿਆ ਗਿਆ ਸੀ। ਉਨ੍ਹਾਂ ਏਜੰਟ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਏਜੰਟ ਨੇ ਦੱਸਿਆ ਕਿ ਉਸ ਨੇ ਗੁਰਦੀਪ ਸਿੰਘ ਨੂੰ ਛੇ ਸਾਲ ਪਹਿਲਾਂ ਦੁਬਈ ਭੇਜਿਆ ਸੀ। ਉੱਥੇ ਉਹ ਤਿੰਨ ਸਾਲ ਰਹਿਣ ਮਗਰੋਂ ਵਾਪਸ ਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਪਰਿਵਾਰ ਵੱਲੋਂ ਉਸ ’ਤੇ ਲਾਏ ਗਏ ਦੋਸ਼ ਬੇ-ਬੁਨਿਆਦ ਹਨ। ਉਸ ਨੇ ਕਿਹਾ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਾਫੀ ਪਹਿਲਾਂ ਤੋਂ ਛੱਡ ਚੁੱਕਾ ਹੈ। ਉਸ ਨੇ ਪੁਲਿਸ ਕੋਲੋਂ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਚਰਨਜੀਤ ਸਿੰਘ ਦੇ ਪਰਿਵਾਰ ਬਾਰੇ ਹਾਲੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ।

ਪਾਕਿਸਤਾਨੀ ਨੌਜਵਾਨ ਮਦਦ ਲਈ ਆਇਆ ਅੱਗੇ

 

ਪਾਕਿਸਤਾਨੀ ਨੌਜਵਾਨ ਰਈਸ

ਵੀਡੀਓ ਜਾਰੀ ਕਰਨ ਵਾਲੇ ਪਾਕਿਸਤਾਨੀ ਨੌਜਵਾਨ ਰਈਸ ਨੇ ਅਪੀਲ ਕੀਤੀ ਹੈ ਕਿ ਗੁਰਦੀਪ ਸਿੰਘ ਤੇ ਚਰਨਜੀਤ ਸਿੰਘ ਦੇ ਪਰਿਵਾਰਾਂ ਦਾ ਪਤਾ ਲਗਾ ਕੇ ਇਨ੍ਹਾਂ ਦੇ ਲੋੜੀਂਦੇ ਕਾਗਜ਼ ਭੇਜੇ ਜਾਣ ਤਾਂ ਕਿ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਫ਼ਿਲਹਾਲ ਰਈਸ ਹੀ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਖਾਣਾ ਪਹੁੰਚਾ ਰਿਹਾ ਹੈ।