International

ਅਸਟ੍ਰੇਲੀਆ ਦੇ ਸਿੱਖ ਬੱਚਿਆਂ ਲਈ ਚੰਗੀ ਖਬਰ, 10 ਏਕੜ ‘ਚ ਬਣੇਗਾ ਸਿੱਖ ਸਕੂਲ

‘ਦ ਖ਼ਾਲਸ ਬਿਊਰੋ :- ਅਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪੱਛਮੀ ਸਿਡਨੀ ਵਿੱਚ ਦੇਸ਼ ਦਾ ਪਹਿਲਾ ਸਿੱਖ ਸਕੂਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਅਸਟ੍ਰੇਲੀਆ ਦੇ ਪਲਾਨਿੰਗ ਅਤੇ ਜਨਤਕ ਥਾਂਵਾਂ ਨਾਲ ਸਬੰਧਿਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਸਿੱਖ ਗ੍ਰਾਮਰ ਸਕੂਲ’ ਨੂੰ ਰੌਜ਼ ਹਿੱਲ ਵਿਖੇ ਟੈਲਾਵੌਂਗ ਸੜਕ ‘ਤੇ ਬਣਾਇਆ ਜਾਵੇਗਾ। ਇਸ ਸਕੂਲ ਵਿੱਚ 1260 ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ।

ਇਸ ਸਬੰਧੀ ਇੱਕ ਅਧਿਕਾਰੀ ਨੇ ਕਿਹਾ ਕਿ ਸੂਬੇ ਅੰਦਰ ਵੱਖ-ਵੱਖ ਧਾਰਮਿਕ ਭਾਈਚਾਰਿਆਂ ਲਈ ਸਕੂਲ ਪਹਿਲਾਂ ਹੀ ਮੌਜੂਦ ਹਨ, ਪਰ ਸਿੱਖ ਸਕੂਲ ਆਪਣੀ ਕਿਸਮ ਦਾ ਨਿਵੇਕਲਾ ਸਕੂਲ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਬਹੁਤ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਸਾਰੇ ਵਿਸ਼ੇ ਵੀ ਪੜ੍ਹਾਏ ਜਾਣਗੇ।

ਜਾਣਕਾਰੀ ਮੁਤਾਬਕ ਇਹ ਸਕੂਲ 10 ਏਕੜ ਜ਼ਮੀਨ ਵਿੱਚ ਬਣਾਇਆ ਜਾਵੇਗਾ। ਇਸ ਸਕੂਲ ਪ੍ਰਾਜੈਕਟ ਲਈ ਸਰਕਾਰ ਵੱਲੋਂ 167 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਬਜਟ ਪ੍ਰਦਾਨ ਕੀਤਾ ਗਿਆ ਹੈ। ਇਸ ਨਵੇਂ ਸਕੂਲ ਵਿੱਚ ਬੱਚਿਆਂ ਲਈ ਅਰਲੀ ਲਰਨਿੰਗ ਸੈਂਟਰ ਵੀ ਬਣਾਏ ਜਾਣਗੇ। ਇਸ ਵਿੱਚ ਬੋਰਡਿੰਗ ਆਦਿ ਦੀਆਂ ਸੁਵਿਧਾਵਾਂ ਸਟਾਫ ਅਤੇ ਵਿਦਿਆਰਥੀਆਂ, ਦੋਵਾਂ ਲਈ ਹੀ ਉਪਲੱਬਧ ਹੋਣਗੀਆਂ ।