Punjab

ਕੈਪਟਨ ਤੇ ਖਹਿਰਾ ਦੀਆਂ ਵਧੀਆਂ ਨਜ਼ਦੀਕੀਆਂ, ਪਾਰਟੀ ‘ਚ ਮੁੜ ਹੋ ਸਕਦੀ ਹੈ ਵਾਪਸੀ

‘ਦ ਖ਼ਾਲਸ ਬਿਊਰੋ :- ਦਿੱਲੀ ਵਿੱਚ ਮੁੱਖ ਮੰਤਰੀ ਪੰਜਾਬ ਯਾਨਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਵਫ਼ਦ ਵੱਲੋਂ ਦਿੱਤੇ ਗਏ ਧਰਨੇ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਇਆ ਹਨ, ਜਿਸ ਤੋਂ ਮਗਰੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਪਟਨ ਦੇ ਨਾਲ ਸੁਖਪਾਲ ਸਿੰਘ ਖਹਿਰਾ ਮੋਡੇ ਨਾਲ ਮੋਡਾ ਜੋੜ ਕੇ ਹੋਏ ਬੈਠੇ ਨਜ਼ਰ ਆਏ, ਸਿਰਫ਼ ਇੰਨਾਂ ਹੀ ਨਹੀਂ ਧਰਨੇ ਦੌਰਾਨ ਮੁੱਖ ਮੰਤਰੀ ਕੈਪਟਨ ਕਾਫ਼ੀ ਦੇਰ ਤੱਕ ਖਹਿਰਾ ਨਾਲ ਗੱਲ ਕਰਦੇ ਹੋਏ ਵੀ ਵਿਖਾਈ ਦਿੱਤੇ, ਜਦਕਿ ਇਸ ਤੋਂ ਪਹਿਲਾਂ ਕੈਪਟਨ ਤੇ ਖਹਿਰਾ ਦੇ ਵੱਡੇ ਸਿਆਸੀ ਮਤਭੇਦ ਚੱਲ ਰਹੇ ਸਨ। ਇਸ ਤੋਂ ਵੱਧ ਕੇ ਕਾਂਗਰਸ ਦੇ ਇਸ ਧਰਨੇ ਵਿੱਚ ਸਿਰਫ਼ ਕੁੱਝ ਖ਼ਾਸ ਆਗੂਆਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਸੁਖਪਾਲ ਖਹਿਰਾ ਵੀ ਸਨ।

ਇਸ ਲਈ ਖਹਿਰਾ ਕਾਂਗਰਸ ‘ਚ ਸ਼ਾਮਲ ਹੋ ਸਕਦੇ

ਵਿਰੋਧ ਧਿਰ ਰਹਿੰਦੇ ਹੋਏ ਸੁਖਪਾਲ ਖਹਿਰਾ ਨੇ ਸਭ ਤੋਂ ਵੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਸੀ, ਸਿਰਫ਼ ਇੰਨਾਂ ਹੀ ਨਹੀਂ ਮਾਇਨਿੰਗ ਮਾਮਲੇ ਵਿੱਚ ਖਹਿਰਾ ਵੱਲੋਂ ਵਾਰ-ਵਾਰ ਪੰਜਾਬ ਸਰਕਾਰ ਨੂੰ ਘੇਰਨ ਤੋਂ ਬਾਅਦ ਰਾਣਾ ਗੁਰਜੀਤ ਨੂੰ ਕੈਬਨਿਟ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ, ਪਰ ਲੋਕਸਭਾ ਚੋਣਾਂ ਤੋਂ ਬਾਅਦ ਸੁਖਪਾਲ ਖਹਿਰਾ ਜਿਸ ਤਰ੍ਹਾਂ ਸ਼ਾਂਤ ਹੋਏ ਅਤੇ ਉਨ੍ਹਾਂ ਨੇ ਟਕਰਾਅ ਦੀ ਸਿਆਸਤ ਛੱਡੀ ਹੈ ਉਸ ਤੋਂ ਵੀ ਇਸ ਵੱਲ ਇਸ਼ਾਰਾ ਮਿਲਣ ਲੱਗਿਆ ਹੈ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਹੋ ਸਕਦਾ ਹੈ ਕਿ ਖਹਿਰਾ ਇੱਕ ਵਾਰ ਮੁੜ ਤੋਂ ਕਾਂਗਰਸ ਵਿੱਚ ਵਾਪਸੀ ਕਰ ਲੈਣਗੇ।

2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਭੁੱਲਥ ਸੀਟ ‘ਤੇ ਕਾਂਗਰਸ ਕੋਲ ਕੋਈ ਮਜਬੂਤ ਚਿਹਰਾ ਨਹੀਂ ਸੀ, ਪਾਰਟੀ ਨੇ ਅਖੀਰਲੇ ਸਮੇਂ ਉਮੀਦਵਾਰ ਬਦਲਿਆ ਸੀ, ਜਿਸ ਦੀ ਵਜ੍ਹਾਂ ਕਰਕੇ ਪੂਰੇ ਪੰਜਾਬ ਵਿੱਚ ਕਾਂਗਰਸ ਜਿੱਤੀ ਸੀ ਪਰ ਭੁੱਲਥ ਵਿੱਚ ਤੀਜੇ ਨੰਬਰ ‘ਤੇ ਰਹੀ ਸੀ। ਕਾਂਗਰਸ ਦੇ ਉਮੀਦਵਾਰ ਰਣਜੀਤ ਸਿੰਘ ਰਾਣਾ ਨੂੰ ਸਿਰਫ਼ 5 ਹਜ਼ਾਰ ਹੀ ਵੋਟ ਮਿਲਿਆ ਸਨ, ਖਹਿਰਾ ਪਿਛਲੇ 2 ਦਹਾਕਿਆਂ ਤੋਂ ਭੁੱਲਥ ਹਲਕੇ ਤੋਂ ਚੋਣ ਲੜ ਰਹੇ ਨੇ,2 ਵਾਰ ਜਿੱਤ ਵੀ ਹਾਸਲ ਕਰ ਚੁੱਕੇ ਨੇ ਅਜਿਹੇ ਵਿੱਚ ਕਾਂਗਰਸ ਨੂੰ ਹਲਕੇ ਤੋਂ ਚੰਗਾ ਉਮੀਦਵਾਰ ਮਿਲ ਸਕਦਾ ਹੈ। ਪਰ ਖਹਿਰਾ ਦੀ ਕਾਂਗਰਸ ਵਿੱਚ ਵਾਪਸੀ ਇੰਨੀ ਅਸਾਨ ਵੀ ਨਹੀਂ ਹੈ ਕਿਉਂਕਿ ਰਾਣਾ ਗੁਰਜੀਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਖ਼ਾਸ ਵਿਧਾਇਕਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਖਹਿਰਾ ਦੀ ਕਾਂਗਰਸ ਵਿੱਚ ਵਾਪਸੀ ਲਈ ਰਾਣਾ ਗੁਰਜੀਤ ਨੂੰ ਮਨਾਉਣਾ ਇੰਨਾਂ ਅਸਾਨ ਨਹੀਂ ਹੈ।