India

ਮੁੰਬਈ ਪੁਲਿਸ ਨੇ ਅਰਨਬ ਦੇ ਰਿਪਬਲਿਕ ਟੀਵੀ ਬਾਰੇ ਕੀਤਾ ਵੱਡਾ ਖੁਲਾਸਾ, ਵੱਡੇ TRP ਰੈਕਟ ‘ਚ ਸੀ ਸ਼ਾਮਿਲ

‘ਦ ਖ਼ਾਲਸ ਬਿਊਰੋ:- ਮੁੰਬਈ ਪੁਲਿਸ ਦੇ ਕਮਿਸ਼ਨਰ ਪਰਮਵੀਰ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ TRP ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੰਬਈ ਪੁਲਿਸ ਨੇ ਕਿਹਾ ਕਿ ਕੁੱਝ ਚੈਨਲਾਂ ਵੱਲੋਂ ਪੈਸੇ ਦੇ ਕੇ TRP ਮੈਨੇਜ ਕੀਤੀ ਗਈ ਹੈ। TRP ਰੈਕੇਟ ਵਿੱਚ ਪੁਲਿਸ ਨੇ ਹਾਲੇ ਤੱਕ ਤਿੰਨ ਚੈਨਲਾਂ ਨੂੰ ਹੀ ਨਾਮਜ਼ਦ ਕੀਤਾ ਹੈ ਜਿਸ ਵਿੱਚ ਰਿਪਬਲਿਕ ਟੀਵੀ ਦਾ ਨਾਮ ਵੀ ਸਾਹਮਣੇ ਆਇਆ ਹੈ। TRP ਲਈ ਰਿਪਬਲਿਕ ਟੀਵੀ ‘ਤੇ ਪੈਸੇ ਦੇਣ ਦਾ ਇਲਜ਼ਾਮ ਲੱਗਾ ਹੈ। ਪੁਲਿਸ ਨੇ ਕਿਹਾ ਕਿ ਸਾਡੀ ਸੀਆਈਯੂ ਦੀ ਟੀਮ ਨੇ ਪੂਰੀ ਜਾਂਚ ਕੀਤੀ ਹੈ। ਇਸ ਮਾਮਲੇ ਨਾਲ ਸਬੰਧਿਤ ਕੁੱਝ ਲੋਕਾਂ ਨੂੰ ਅੱਜ ਜਾਂ ਕੱਲ੍ਹ ਸੰਮਨ ਕੀਤਾ ਜਾਵੇਗਾ। ਉਨ੍ਹਾਂ ਤੋਂ ਪੁੱਛ-ਪੜਤਾਲ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

TRP ਦੀ ਕਿਸ ਤਰ੍ਹਾਂ ਕੀਤੀ ਜਾ ਰਹੀ ਸੀ ਹੇਰਾ-ਫੇਰੀ

ਮੁੰਬਈ ਪੁਲਿਸ ਨੇ ਕਿਹਾ ਕਿ TRP ਨੂੰ ਪੈਸੇ ਦੇ ਕੇ ਖਰੀਦਿਆ ਜਾ ਰਿਹਾ ਸੀ। ਹਾਊਸਹੋਲਡ ਨੂੰ ਪੈਸਾ ਦੇ ਕੇ ਖਰੀਦਿਆ ਜਾ ਰਿਹਾ ਸੀ। ਹਾਊਸਹੋਲਡ ਸਬੰਧੀ ਡਾਟਾ ਨੂੰ ਕੁੱਝ ਚੈਨਲਾਂ ਨੂੰ ਵੇਚਿਆ ਗਿਆ ਜਿਸਦਾ ਇਸਤੇਮਾਲ ਉਹ ਆਪਣੇ ਚੈਨਲ ਦੀ TRP ਨੂੰ ਵਧਾਉਣ ਅਤੇ ਗੈਰ-ਕਾਨੂੰਨੀ ਇਸ਼ਤਿਹਾਰਬਾਜ਼ੀ ਦੇਣ ਲਈ ਕਰ ਰਹੇ ਸੀ। ਪੁਲਿਸ ਨੇ ਕਿਹਾ ਕਿ ਬਹੁਤ ਸਾਰੇ ਚੈਨਲਾਂ ਨੇ ਝੂਠੀਆਂ ਖਬਰਾਂ ਦਿਖਾ ਕੇ ਆਪਣੇ ਚੈਨਲ ਦੀ TRP ਵਧਾਈ ਹੈ ਅਤੇ TRP ਨੂੰ ਖਰੀਦਿਆ ਹੈ।

ਪੁਲਿਸ ਕਮਿਸ਼ਨਰ ਅਨੁਸਾਰ ਦੋ ਮਰਾਠੀ ਚੈਨਲ ਦੇ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਲੋਕ ਹੋਰ ਵੀ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਵਿੱਚ ਕਿਸੇ ਵਿਸ਼ੇਸ਼ ਚੈਨਲ ਨੂੰ ਆਪਣੇ ਟੀਵੀ ‘ਤੇ ਚਲਾਉਣ ਲਈ ਕਰੀਬ 400-500 ਰੁਪਏ ਹਰ ਮਹੀਨੇ ਦੇਣੇ ਪੈਂਦੇ ਸਨ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਚੈਨਲਾਂ ਦੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਾਂਚ ਦੇ ਅਨੁਸਾਰ ਜਿਸਨੂੰ ਵੀ ਬੁਲਾਉਣ ਜਾਂ ਪੁੱਛਗਿੱਛ ਦੀ ਜ਼ਰੂਰਤ ਹੋਵੇਗੀ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ, ਉਹ ਭਾਵੇਂ ਚੈਨਲ ਦਾ ਕਿੰਨਾ ਵੀ ਵੱਡਾ ਅਧਿਕਾਰੀ ਕਿਉਂ ਨਾ ਹੋਵੇ।