‘ਦ ਖ਼ਾਲਸ ਬਿਊਰੋ:- ਲੰਘੇ ਦਿੰਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਤੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰੀ ਕੀਤਾ ਜਾਵੇ ਅਤੇ ਸਰਕਾਰ ਉਸਨੂੰ ਨਿਰਦੋਸ਼ਾਂ ਦੇ ਕਾਤਲ ਵਜੋਂ ਅੱਤਵਾਦੀ ਐਲਾਨੇ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਧਰਨੇ ਦੌਰਾਨ ਬੋਲਦਿਆਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਝੂਠੇ ਮੁਕਾਬਲੇ ਕਾਂਗਰਸੀਆਂ, ਬਾਦਲਕਿਆਂ ਅਤੇ ਭਾਜਪਾਈਆਂ ਨੇ ਰਲ ਕੇ ਕਰਵਾਏ। ਉਨ੍ਹਾਂ ਕਿਹਾ ਕਿ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਪਿਛਲੇ 25 ਸਾਲਾਂ ਤੋਂ ਜ਼ੁਲਮ ਦੇ ਖਿਲਾਫ ਸੰਘਰਸ਼ ਜਾਰੀ ਰੱਖਿਆ ਹੈ। ਬੁਲਾਰਿਆ ਨੇ ਕਿਹਾ ਕਿ ਬਾਦਲਾਂ ਨੇ ਕੇ.ਪੀ.ਐਸ. ਗਿੱਲ ਦੇ ਕਹਿਣ ਉੱਤੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ. ਲਾਇਆ ਅਤੇ ਗਿੱਲ ਨੇ ਚੰਡੀਗੜ੍ਹ ਆ ਕੇ ਵਧਾਈਆਂ ਦਿੱਤੀਆਂ ਸਨ।
ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੇ.ਪੀ.ਐਸ. ਗਿੱਲ ਨਾਲ ਗੁਪਤ ਮੀਟਿੰਗਾਂ ਕਰਕੇ ਜਵਾਨੀ ਝੂਠੇ ਮੁਕਾਬਲਿਆਂ ਵਿੱਚ ਮਰਵਾਉਂਦਾ ਰਿਹਾ ਅਤੇ ਫਿਰ ਸਰਕਾਰ ਬਣਨ ‘ਤੇ ਗਿੱਲ ਦੇ ਕਹਿਣ ‘ਤੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਾਇਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਹਰਦਿਆਲ ਸਿੰਘ ਘਰਿਆਲਾ ਨੇ ਕਿਹਾ ਕਿ ਪਹਿਲਾਂ ਕਾਂਗਰਸ ਬਾਦਲ ਰਲੇ ਸਨ, ਹੁਣ ਤੀਜੀ ਆਮ ਆਦਮੀ ਪਾਰਟੀ ਨਾਲ ਰਲ ਗਈ ਹੈ। ਤਿੰਨੇ ਝੂਠੇ ਪੁਲਿਸ ਮੁਕਾਬਲਿਆਂ ‘ਤੇ ਪਰਦਾ ਪੋਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਕਿਆਂ ਦੇ ਰਾਜ ਵਿੱਚ ਚਿੱਟੇ ਨੇ ਜਵਾਨੀ ਤਬਾਹ ਕਰ ਦਿੱਤੀ ਹੈ।
ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਪਿੰਡ ਬਹਿਬਲ ਕਲਾਂ ਗੋਲੀ ਕਾਂਡ, ਜਿਸ ਵਿੱਚ 6 ਨਿਰਦੋਸ਼ਾਂ ਨੂੰ ਮਨੁੱਖੀ ਢਾਲ ਬਣਾ ਕੇ ਖਤਮ ਕੀਤਾ ਗਿਆ ਸੀ, ਉਸ ਕਾਂਡ ਦਾ ਮੁੱਖ ਦੋਸ਼ੀ ਖੂਬੀ ਰਾਮ ਕੈਪਟਨ ਦੀ ਸਕਿਊਰਟੀ ਦਾ ਇੰਚਾਰਜ ਹੈ। ਉਨ੍ਹਾਂ ਕਿਹਾ ਕਿ ਕੈਪਟਨ 21 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਨਾਮ ਨਹੀਂ ਦੱਸ ਰਿਹਾ ਜਿਹੜੇ ਉਨ੍ਹਾਂ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾਏ ਸਨ।
ਬੁਲਾਰਿਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਠਾਏ 25 ਹਜ਼ਾਰ ਲਾਵਾਰਿਸ਼ ਲਾਸ਼ਾਂ ਦੇ ਮਾਮਲੇ ਦੀ ਪੜਤਾਲ ਕਰਾਉਣ ਦੀ ਬਜਾਏ ਕੇ.ਪੀ. ਗਿੱਲ ਦੇ ਕਹਿਣ ‘ਤੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ. ਲਗਾ ਦਿੱਤਾ ਅਤੇ ਆਲਮ ਵਰਗੇ ਬਾਦਲ ਦਲ ਦੇ ਮੀਤ ਪ੍ਰਧਾਨ ਬਣ ਗਏ।
ਧਰਨੇ ਵਿੱਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਦਾ ਘਾਣ ਬਾਦਲ ਨੇ ਦਿੱਲੀ ਨਾਲ ਰਲ ਕੇ ਕੀਤਾ ਹੈ ਅਤੇ ਸਿੱਖੀ ਨਾਲ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਸਲੂਕ ਕੀਤਾ ਗਿਆ ਹੈ।
ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਸੁਮੇਧ ਸੈਣੀ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਵਿੱਚ ਕਤਲੋਗਾਰਦ ਦੀ ਪੜਤਾਲ ਹੋਵੇ।
ਸਮਾਗਮ ਵਿੱਚ ਦਲਬੀਰ ਸਿੰਘ ਭੀਲੋਵਾਲ, ਸਤਵੰਤ ਸਿੰਘ ਮਾਣਕ, ਸਤਵਿੰਦਰ ਸਿੰਘ ਪਲਾਸੌਰ, ਗੁਰਜੀਤ ਸਿੰਘ ਤਰਸਿੱਕਾ, ਸਿਮਰਜੀਤ ਸਿੰਘ ਤਰਸਿੱਕਾ, ਪਰਵੀਨ ਕੁਮਾਰ, ਬਲਕਾਰ ਸਿੰਘ, ਕਾਬਲ ਸਿੰਘ ਜੋਧਪੁਰ, ਬਲਦੇਵ ਸਿੰਘ ਸਾਂਘਣਾ, ਜੋਗਿੰਦਰ ਸਿੰਘ ਨੱਥੂ ਚੱਕ, ਦਲੇਰ ਸਿੰਘ ਪੰਨੂ, ਸੰਤੋਖ ਸਿੰਘ ਨੰਬਰਦਾਰ, ਗੁਰਦੇਵ ਸਿੰਘ ਦੇਉ, ਬਲਬੀਰ ਸਿੰਘ, ਗੁਰਸਾਹਿਬ ਸਿੰਘ ਆਦਿ ਹਾਜਰ ਸਨ।


 
																		 
																		 
																		 
																		 
																		