Punjab

ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਵਾਲਿਆਂ ਖਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦੇ ਸਖ਼ਤ ਆਦੇਸ਼

‘ਦ ਖ਼ਾਲਸ ਬਿਊਰੋ:- ਗੁਰਦਾਸਪੁਰ ਜ਼ਿਲੇ ਦੇ ਪਿੰਡ ਗੜ੍ਹੀ ਗੁਰਦਾਸ ਨੰਗਲ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪੰਥ ‘ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾ ਕੇ ਪੰਥ ‘ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 4 ਅਗਸਤ ਨੂੰ  ਪੰਥ ਵਿੱਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਦੇ ਦੋਸ਼ ਵਿੱਚ ਰਤਨ ਸਿੰਘ ਜਫਰਵਾਲ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਹਲਕਾ ਕਾਦੀਆਂ ਨੂੰ ਪੁੱਜੀ ਰਿਪੋਰਟ ਅਨੁਸਾਰ ਤਨਖਾਹੀਆ ਕਰਾਰ ਦਿੱਤਾ ਹੈ।

ਇਸ ਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੂੰ ਆਦੇਸ਼ ਕੀਤਾ ਹੈ ਕਿ ਇਨ੍ਹਾਂ ਨੂੰ ਬਣੀਆਂ ਸਬ ਕਮੇਟੀਆਂ ਵਿੱਚੋਂ ਵੀ ਹਟਾਇਆ ਜਾਵੇ ਅਤੇ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ, ਕਰਮਚਾਰੀਆਂ ਦੀ ਪੜਚੋਲ ਕਰਨ ਲਈ ਸਬ-ਕਮੇਟੀ ਬਣਾ ਕੇ ਜਾਂਚ ਕੀਤੀ ਜਾਵੇ ਅਤੇ ਜਾਂਚ ਤੋਂ ਬਾਅਦ ਮਿਲਵਰਤਣ ਰੱਖਣ ਵਾਲਿਆਂ ‘ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਹੀ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਵਾਲੇ ਹਰ ਲੀਡਰ ਨੂੰ ਆਪਣੇ ਪੱਧਰ ‘ਤੇ ਜਾਂਚ ਕਰਕੇ ਪਾਰਟੀ ਤੋਂ ਬਾਹਰ ਕੱਢਣ ਦਾ ਆਦੇਸ਼ ਵੀ ਦਿੱਤਾ ਹੈ।