Khaas Lekh Religion

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਤਾਂ ਰੋਜ਼ ਟੇਕਦੇ ਹਾਂ ਕੀ ਇਹ ਜਾਣਦੇ ਵੀ ਹਾਂ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੇ ਪਹਿਲੇ ਇੱਕੋ-ਇੱਕ ਅਜਿਹੇ ਗ੍ਰੰਥ ਹਨ ਜਿਨ੍ਹਾਂ ਨੂੰ ਸਦੀਵੀ ਗੁਰੂ ਦਾ ਦਰਜਾ ਹਾਸਿਲ ਹੈ। 1708 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਖਾਲਸਾ ਪੰਥ ਨੂੰ ਹੁਕਮ ਕੀਤਾ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਕੌਮ ਦੇ ਕੋਈ ਦੇਹਧਾਰੀ ਗੁਰੂ ਨਹੀਂ ਹੋਣਗੇ। ਗੁਰੂ ਸਾਹਿਬ ਜੀ ਨੇ ਦ੍ਰਿੜ ਕਰਵਾਇਆ ਸੀ ਕਿ ਸਾਡੇ ਗੁਰੂ ਸਿਰਫ਼ ਤੇ ਸਿਰਫ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਹੋਣਗੇ, ਇਹ ਸਿੱਖਾਂ ਲਈ ਆਦੇਸ਼ ਹੈ ਤੇ ਮੰਨਣਯੋਗ ਹੈ, ਭਾਵੇਂ ਬਥੇਰੇ ਸਿੱਖ ਸ਼ਬਦ ਗੁਰੂ ਤੋਂ ਬੇਮੁਖ ਹੋ ਕੇ ਅੱਜ ਵੀ ਦੇਹਧਾਰੀਆਂ ਪਿੱਛੇ ਤੁਰੇ ਫਿਰਦੇ ਹਨ।

ਸ਼ਬਦ ਗੁਰੂ ਦੇ ਲੜ ਲੱਗਣ ਤੋਂ ਭਾਵ ਹੈ ਕਿ ਅੱਜ ਤੋਂ ਤੁਸੀਂ ਆਪਣੀ ਜ਼ਿੰਦਗੀ ਦੀ ਸੇਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਉਗੇ, ਆਪਣਾ ਹਰ ਦੁੱਖ-ਸੁੱਖ ਗੁਰੂ ਸਾਹਿਬ ਨਾਲ ਸਾਂਝਾ ਕਰੋਗੇ, ਆਪਣੀ ਜ਼ਿੰਦਗੀ ਦੀ ਹਰ ਮੁਸ਼ਕਿਲ ਤੇ ਹਰ ਦੁਬਿਧਾ ਵਿੱਚੋਂ ਨਿਕਲਣ ਦਾ ਹੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲੇਗਾ। ਦੁਨੀਆ ਦਾ ਕੋਈ ਵੀ ਐਸਾ ਵਿਸ਼ਾ ਨਹੀਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾ ਹੋਵੇ। ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਟੁੱਬੀ ਲਾਉਣ ਦੀ ਲੋੜ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਅੰਗ ਹਨ।  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 6 ਗੁਰੂ ਸਾਹਿਬਾਨਾਂ, ਪਹਿਲੇ ਪੰਜ ਗੁਰੂ ਸਾਹਿਬਾਨ ਤੇ ਨੌਂਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਣੀ ਦਰਜ ਹੈ। 15 ਭਗਤਾਂ, 11 ਭੱਟਾਂ ਤੇ 4 ਗੁਰਸਿੱਖ ਸ਼ਰਧਾਲੂਆਂ ਦੀ ਬਾਣੀ ਵੀ ਇਸ ਮਹਾਨ ਗ੍ਰੰਥ ਦੇ ਅੰਦਰ ਹੈ। ਬਾਣੀ ਦੀ ਰਚਨਾ 31 ਰਾਗਾਂ ਵਿੱਚ ਕੀਤੀ ਗਈ ਹੈ।

ਸਭ ਤੋਂ ਪਹਿਲਾਂ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਵਾਈ। ਇਹ ਮਹਾਨ ਕਾਰਜ ਅੰਮ੍ਰਿਤਸਰ ਦੇ ਨੇੜੇ ਰਾਮਸਰ ਸਰੋਵਰ ‘ਤੇ ਕੀਤਾ ਗਿਆ।

ਸੰਪੂਰਨਤਾ ਤੋਂ ਬਾਅਦ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1 ਸਤੰਬਰ, 1604 ਈ: ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਗਿਆ। ਉਸ ਵੇਲੇ 95 ਸਾਲ ਦੇ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ। ਜਦੋਂ ਪ੍ਰਕਾਸ਼ ਕੀਤਾ ਗਿਆ ਤਾਂ ਸਭ ਤੋਂ ਪਹਿਲਾ ਹੁਕਮਨਾਮਾ ਆਇਆ:

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਪੂਰੀ ਮਨੁੱਖਤਾ ਲਈ ਹੈ। 1708 ਈ: ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਹੋਣ ਦਾ ਦਰਜਾ ਦੇ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਮੁਖੀ ਲਿਪੀ ਵਿੱਚ ਲਿਖੀ ਗਈ ਹੈ। ਸ਼ਬਦ ਗੁਰੂ ਨੂੰ ਸਦੀਵੀ ਗੁਰੂ ਥਾਪਣ ਦੀ ਇੱਕ ਵੱਡੀ ਇਤਿਹਾਸਕ ਅਤੇ ਵਿਲੱਖਣ ਘਟਨਾ ਦੁਨੀਆ ‘ਤੇ ਸਿਰਫ਼ ਤੇ ਸਿਰਫ਼ ਇੱਕੋ ਵਾਰ 1708 ਵਿੱਚ ਵਾਪਰੀ ਸੀ, ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਸਦੀਵੀ ਗੁਰੂ ਦਾ ਦਰਜਾ ਨਹੀਂ ਦਿੱਤਾ ਗਿਆ।

ਉਦੋਂ ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਭਗਤੀ ਦਾ ਕੇਂਦਰ ਬਿੰਦੂ ਬਣ ਗਏ ਅਤੇ ਸ਼ਬਦ ਗੁਰੂ ਨੂੰ ਬਿਰਾਜਮਾਨ ਕਰਨ ਲਈ ਖ਼ਾਸ ਤੌਰ ‘ਤੇ ਵੱਖਰੇ ਅਸਥਾਨ ਯਾਨਿ ਗੁਰਦੁਆਰੇ ਬਣੇ। ਸਿੱਖ ਦੇ ਸਾਰੇ ਕੰਮਾਂ ਤੇ ਰਸਮਾਂ-ਰਿਵਾਜਾਂ ਦਾ ਕੇਂਦਰ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।

1430 ਅੰਗਾਂ ਦਾ ਇਹ ਮਹਾਨ ਤੇ ਅਣਮੁੱਲਾ ਖਜ਼ਾਨਾ ਸਿਰਫ਼ ਅੱਜ ਲਈ ਨਹੀਂ, ਬਲਕਿ ਸਦੀਵ ਕਾਲ ਤੱਕ ਨਵਾਂ ਨਰੋਆ ਤੇ ਅਮਰ ਰਹੇਗਾ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਸਤਿਕਾਰ ਕਰਦੇ ਹਾਂ, ਉਨਾਂ ਹੀ ਪਿਆਰ ਵੀ ਕਰੀਏ ਕਿਉਂਕਿ ਜਦੋਂ ਪਿਆਰ ਹੁੰਦਾ ਹੈ, ਉਦੋਂ ਸਮਰਪਣ ਹੁੰਦਾ ਤੇ ਜਦੋਂ ਸਮਰਪਣ ਹੁੰਦਾ ਉਦੋਂ ਇਨਸਾਨ ਦੇ ਮਨ ਵਿੱਚ ਸੀਸ ਝੁਕਾ ਕੇ ਹਰ ਗੱਲ ਮੰਨਣ ਦੀ ਇੱਛਾ ਜਾਗਦੀ ਹੈ ਤੇ ਜਦੋਂ ਅਸੀਂ ਹਰ ਗੱਲ ਮੰਨਦੇ ਹਾਂ ਤਾਂ ਫਿਰ ਮਨ ਨਿਰਮਲ, ਨਿਰਛਲ, ਨਿਰਭਉ, ਨਿਰਵੈਰ ਤੇ ਚੜ੍ਹਦੀਕਲਾ ਵਾਲਾ ਹੋ ਜਾਵੇਗਾ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਕਾਇਨਾਤ ਦੇ ਲਈ ਇੱਕ ਅਦੁੱਤੀ ਬਖਸ਼ਿਸ਼ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕ-ਇੱਕ ਸ਼ਬਦ ਚੰਗੀ ਜੀਵਨ-ਜਾਚ ਲਈ ਸੇਧ ਦਿੰਦਾ ਹੈ। ਸੋ, ਹੁਣ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਵਿੱਚੋਂ ਕਿੰਨੇ ਕੁ ਅਜਿਹੇ ਹਨ ਜੋ ਸਿਰਫ਼ ਤੇ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਤੇ ਕਿੰਨੇ ਅਜਿਹੇ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਮੰਨਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਕਿੰਨੀ ਕੁ ਗੱਲ ਮੰਨਦੇ ਹਾਂ, ਇਸ ਲਈ ਅਸੀਂ ਸਿਰਫ ਕੁੱਝ ਸਿੱਖਿਆਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਵਾਂਗੇ। ਸਿੱਖੀ ਦਾ ਸਭ ਤੋਂ ਪਹਿਲਾ ਉਪਦੇਸ਼ ਹੈ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ।

ਘਾਲਿ ਖਾਇ ਕਿਛੁ ਹਥਹੁ ਦੇਇ।।

ਨਾਨਕ ਰਾਹੁ ਪਛਾਣਹਿ ਸੇਇ।।

ਸਰਬ-ਸਾਂਝੀਵਾਲਤਾ ਦਾ ਵੱਡਾ ਉਪਦੇਸ਼ ਦਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।

ਜ਼ੁਬਾਨ ਵਿੱਚ ਮਿਠਾਸ ਤੇ ਸੁਭਾਅ ਵਿੱਚ ਨਿਮਰਤਾ ਗੁਰੂ ਕੀ ਬਾਣੀ ਦਾ ਉਪਦੇਸ਼ ਹੈ। ਜੇ ਇਹ ਹੈ ਤਾਂ ਬਾਕੀ ਚੰਗਿਆਈਆਂ ਆਪੇ ਹੀ ਆ ਜਾਣੀਆਂ ਹਨ।

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।

ਇਨਸਾਨੀ ਸੁਭਾਅ ਦੇ ਸਭ ਤੋਂ ਵੱਡੇ ਰੋਗ ਹੰਕਾਰ ਨੂੰ ਤਿਆਗਣਾ, ਬੇਸ਼ੱਕ ਇਹ ਲੰਮਾ ਰੋਗ ਹੈ ਪਰ ਲਾ-ਇਲਾਜ ਨਹੀਂ ਹੈ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ।।

ਤੇ ਸਾਰੇ ਰੋਗਾਂ ਦੀ ਦਵਾਈ ਸਿਰਫ਼ ਨਾਮ ਹੈ।

ਸਰਬ ਰੋਗ ਕਾ ਅਉਖਦੁ ਨਾਮੁ।।

ਕਲਿਆਣ ਰੂਪ ਮੰਗਲ ਗੁਣ ਗਾਮ।।

ਗੁਣਾਂ ਦੀ ਸਾਂਝ ਕਰਨੀ ਤੇ ਅਉਗੁਣਾਂ ਨੂੰ ਤਿਆਗਣਾ,

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।।

ਲੜਾਈਆਂ-ਝਗੜੇ ਨਾ ਕਰਕੇ ਇਕੱਠੇ ਹੋ ਕੇ ਦੁਬਿਧਾ ਦੂਰ ਕਰਦਿਆਂ ਰਲ-ਮਿਲ ਕੇ ਜ਼ਿੰਦਗੀ ਜਿਊਣੀ,

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।

ਨਿਰਭਉ ਰਹਿਣਾ, ਨਾ ਜ਼ੁਲਮ ਸਹਿਣਾ, ਨਾ ਕਰਨਾ, ਹੱਕ ਤੇ ਸੱਚ ਲਈ ਲੜਨਾ,

ਜਉ ਤਉ ਪ੍ਰੇਮ ਖੇਲਣ ਕਾ ਚਾਉ।।

ਸਿਰੁ ਧਰਿ ਤਲੀ ਗਲੀ ਮੇਰੀ ਆਉ।।

ਜ਼ਿੰਦਗੀ ਦੀ ਅਸਲ ਸੱਚਾਈ ਨੂੰ ਸਮਝਣਾ,

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ।।

ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ।।

ਮਨੁੱਖਾ ਜਨਮ ਦੀ ਅਹਿਮੀਅਤ ਨੂੰ ਸਮਝਣਾ,

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ।।

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ।।

ਵਰਗੀਆਂ ਸਿੱਖਿਆਵਾਂ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਹਨ। ਅੱਜ ਸਾਡੇ ਸਭ ਲਈ ਇਹ ਵੱਡਾ ਸਵਾਲ ਹੈ ਕਿ ਸਾਡੇ ਵਿੱਚੋਂ ਕਿੰਨੇ ਅਜਿਹੇ ਹਨ, ਜੋ ਇਹ ਮੰਨਦੇ ਹਨ ਕਿ ਜਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਖਾਣਾ-ਪੀਣਾ, ਹੱਸਣਾ-ਸੌਣਾ, ਨੌਕਰੀ ਕਰਨੀ, ਜ਼ਿੰਮੇਵਾਰੀਆਂ ਨਿਭਾਉਣੀਆਂ ਜ਼ਰੂਰੀ ਹਨ, ਇਨ੍ਹਾਂ ਦੇ ਨਾਲ-ਨਾਲ ਬਾਣੀ ਪੜ੍ਹਨੀ ਵੀ ਜ਼ਿੰਦਗੀ ਦਾ ਜ਼ਰੂਰੀ ਅੰਗ ਹੈ।

Comments are closed.