India International Punjab

ਕਲਮ ਅਤੇ ਕੈਮਰੇ ‘ਤੇ ਸਖ਼ਤ ਦਬਾਅ ਬਣਾ ਰਹੀ ਹੈ ਸਰਕਾਰ : ਸੰਯੁਕਤ ਕਿਸਾਨ ਮੋਰਚਾ

ਬਿਲਾਰੀ ​​ਅਤੇ ਬਹਾਦੁਰਗੜ੍ਹ ਵਿੱਚ ਮਹਾਂਪੰਚਾਇਤਾਂ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਬਿਲਾਰੀ ​​ਅਤੇ ਬਹਾਦੁਰਗੜ੍ਹ ਵਿੱਚ ਅੱਜ ਹੋਈ ਮਹਾਂਪੰਚਾਇਤਾਂ ਵਿੱਚ ਕਿਸਾਨਾਂ ਅਤੇ ਜਾਗਰੂਕ ਨਾਗਰਿਕਾਂ ਦਾ ਵੱਡੇ ਪੱਧਰ ‘ਤੇ ਸਮਰਥਨ ਮਿਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਰੋਟੀ ਨੂੰ ਤਿਜ਼ੋਰੀ ਦੀ ਵਸਤੂ ਨਹੀਂ ਬਣਨ ਦਿੱਤਾ ਜਾਵੇਗੀ ਅਤੇ ਭੁੱਖ ਦਾ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਅਤ ਇਸ ਤੱਥ ਤੋਂ ਵੀ ਸਪਸ਼ਟ ਹੈ ਕਿ ਵੱਡੇ ਗੋਦਾਮ ਪਹਿਲਾਂ ਬਣਾ ਦਿੱਤੇ ਗਏ ਸੀ ਅਤੇ ਉਸ ਤੋਂ ਬਾਅਦ ਇਹ ਕਾਨੂੰਨ ਬਣਾਏ ਗਏ।

 ਹਾਲ ਹੀ ਵਿੱਚ ਸਰਕਾਰ ਨੇ ਸੰਸਦ ਵਿੱਚ ਜਵਾਬ ਦਿੱਤਾ ਕਿ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਕੋਈ ਸਹਾਇਤਾ ਦੇਣ ਦਾ ਵਿਚਾਰ ਨਹੀਂ ਹੈ।  ਬੀਤੇ ਦਿਨੀਂ ਸੰਸਦ ਦੀ ਕਾਰਵਾਈ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਦਿਖਾਈ ਗਈ ਸੰਵੇਦਨਸ਼ੀਲਤਾ ਦੀ ਨਿਖੇਦੀ ਕਰਦੇ ਹਾਂ। ਹੁਣ ਤੱਕ 228 ਕਿਸਾਨ ਸ਼ਹੀਦ ਹੋ ਚੁੱਕੇ ਹਨ। ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹ ਕਿੰਨੇ ਹੋਰ ਕਿਸਾਨਾਂ ਦੀ ਬਲੀ ਚਾਹੁੰਦੀ ਹੈ? ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਸਰਕਾਰ ਨੇ ਕਲਮ ਅਤੇ ਕੈਮਰੇ ‘ਤੇ ਸਖ਼ਤ ਦਬਾਅ ਬਣਾਇਆ ਹੋਇਆ ਹੈ। ਇਸ ਕੜੀ ਵਿਚ ਪਤਰਕਾਰਾਂ ਦੀ ਗ੍ਰਿਫ਼ਤਾਰੀ ਅਤੇ ਮੀਡੀਆ ਦਫ਼ਤਰਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਅਸੀਂ ਨਿਊਜ਼ਕਲਿੱਕ ਮੀਡੀਆ ‘ਤੇ ਰੇਡ ਰਾਹੀਂ ਬਣਾਏ ਜਾ ਰਹੇ ਦਬਾਅ ਦੀ ਨਿਖੇਦੀ ਕਰਦੇ ਹਾਂ।  ਅਜਿਹੇ ਸਮੇਂ ਵਿੱਚ ਜਦੋਂ ਗੋਦੀ ਮੀਡੀਆ ਸਰਕਾਰ ਦੇ ਏਜੰਡੇ ਦਾ ਪ੍ਰਚਾਰ ਕਰ ਰਹੀ ਹੈ, ਕੁਝ ਮੀਡੀਆ ਚੈਨਲ ਹੀ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਇੱਜਤ ਨੂੰ ਬਚਾ ਰਹੇ ਹਨ ਅਤੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ਰਮਨਾਕ ਹੈ.

14 ਫਰਵਰੀ ਨੂੰ, ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ, ਭਾਜਪਾ ਸਰਕਾਰ ਦੇ ਝੂਠੇ-ਰਾਸ਼ਟਰਵਾਦ ਦਾ ਪਰਦਾਫਾਸ਼ ਕਰਨ, ਇਕ ਮੀਡਿਆ ਹਾਊਸ ਦੇ ਐਂਕਰ ਦੀ ਲੀਕ ਹੋਇ WhatsApp ਚੈਟ ਦੇ ਖਿਲਾਫ ਅਤੇ ਇਹ ਦਰਸਾਉਣ ਲਈ ਕਿ ਕਿਸਾਨ ਸਾਡੇ ਜਵਾਨਾਂ ਦਾ ਪੂਰਾ ਸਨਮਾਨ ਕਰਦੇ ਹਨ, ਭਾਰਤ ਭਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਮਸ਼ਾਲ ਜਲੂਸ ਅਤੇ ਮੋਮਬੱਤੀ ਮਾਰਚ ਕੀਤਾ ਜਾਵੇਗਾ।    13 ਫਰਵਰੀ ਨੂੰ, ਕਰਨਾਟਕ ਰਾਜ ਰਾਇਤਾ ਸੰਘ ਦੇ ਸੰਸਥਾਪਕ, ਉੱਘੇ ਕਿਸਾਨ ਆਗੂ ਪ੍ਰੋ. ਨਜੁੰਦਾਸਵਾਮੀ ਦੇ ਜਨਮ ਦਿਵਸ ਮੌਕੇ, ਐਸ ਕੇ ਐਮ ਨੇ ਕਿਸਾਨਾਂ ਦੇ ਅਧਿਕਾਰਾਂ ‘ਤੇ ਜ਼ੋਰ ਦਿੰਦਿਆਂ, ਇੱਕ ਪ੍ਰਗਤੀਵਾਦੀ ਅਤੇ ਨਿਆਂਪੂਰਨ ਸਮਾਜ ਲਈ ਆਪਣੀ ਸੋਚ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।