Punjab

ਪੁਲਿਸ ਨੇ ਚੁੱਕਿਆ ਬੈਂਸ ਦਾ ਭਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਪੁਲਿਸ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਇੱਕ ਔਰਤ ਦਾ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ‘ਚ ਨਾਮਜ਼ਦ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਵੀ ਅਦਾਲਤ ਵਲੋਂ ਇਸ ਮਾਮਲੇ ‘ਚ ਭਗੌੜਾ ਕਰਾਰ ਦਿੱਤਾ ਹੋਇਆ ਹੈ। ਜਾਣਕਾਰੀ ਮੁਤਾਬਕ ਸਿਮਰਜੀਤ ਸਿੰਘ ਬੈਂਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

ਇਸ ਮਾਮਲੇ ਵਿੱਚ ਸਿਮਰਜੀਤ ਬੈਂਸ ਸਮੇਤ 6 ਹੋਰਾਂ ਨੂੰ ਵੀ ਭਗੌੜਾ ਐਲਾਨਿਆ ਜਾ ਚੁੱਕਾ ਹੈ। ਬੈਂਸ ਦੇ ਭਰਾ ਕਰਮਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ਼ ਭਾਬੀ, ਸੁਖਚੈਨ ਸਿੰਘ, ਭਰਾ ਪਰਮਜੀਤ ਸਿੰਘ ਪੰਮਾ, ਪ੍ਰਦੀਪ ਕੁਮਾਰ ਅਤੇ ਪੀਏ ਗੋਗੀ ਸ਼ਰਮਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।

ਬੀਤੇ ਕੱਲ੍ਹ ਸਿਮਰਜੀਤ ਸਿੰਘ ਬੈਂਸ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੰਦਿਆਂ ਉਸਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਉੱਧਰ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਛੋਕਰ ਨਾਮ ਦੇ ਵਿਅਕਤੀ ਦੇ ਕਤਲ ਕੇਸ ਵਿੱਚ ਦੋ ਬਦਮਾਸ਼ਾਂ ਨੂੰ ਮੁਹਾਲੀ ਤੋਂ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੋਰਵ ਅਤੇ ਬੰਦੀ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਹੈਰੋਇਨ ਅਤੇ ਹੋਰ ਨਾਜਾਇਜ਼ ਸਮਾਨ ਵੀ ਬਰਾਮਦ ਹੋਇਆ ਹੈ।  ਇਸ ਤੋਂ ਇਲਾਵਾ ਇਕ ਹੋਰ ਗੈਂਗਸਟਰ ਅਮਰਜੀਤ ਰਹੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰਜੀਤ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।