Punjab

ਸਿੱਧੂ ਨੇ ਅਕਾਲੀ ਦਲ ‘ਤੇ ਲਾਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲਿਆਂ ‘ਚ ਬਾਦਲ ਪਰਿਵਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਮੈਂ 6 ਨਵੰਬਰ 2018 ਤੋਂ ਬਾਦਲਾਂ ਨੂੰ ਉਨ੍ਹਾਂ ‘ਤੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਸਫ਼ਾਈ ਦੇਣ ਲਈ ਲਲਕਾਰਦਾ ਰਿਹਾ ਹਾਂ। ਉਹ ਡੇਰਾ ਸਾਧ ਨੂੰ ਵੋਟ ਬੈਂਕ ਦੀ ਰਾਜਨੀਤੀ ਵਾਸਤੇ ਇਸਤੇਮਾਲ ਕਰਦੇ ਸੀI ਇਨ੍ਹਾਂ ਤੱਥਾਂ ਬਾਰੇ ਸੁਖਬੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ ? ਕਈ ਸਾਲ ਹੋ ਗਏ, ਉਨ੍ਹਾਂ ਵੱਲੋਂ ਕੋਈ ਜੁਆਬ ਨਹੀਂ ਆਇਆ।

ਨਵਜੋਤ ਸਿੰਘ ਸਿੱਧੂ ਨੇ ਇੱਕ ਪੁਰਾਣੀ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਬਰਗਾੜੀ ਵਿੱਚ ਧਰਨਾ ਦੇਣ ਬਾਰੇ ਕਿਹਾ ਹੈ। ਸਿੱਧੂ ਨੇ ਕਿਹਾ ਕਿ ਉਹ ਵੀ ਸੁਖਬੀਰ ਬਾਦਲ ਨਾਲ ਧਰਨੇ ਵਿੱਚ ਬੈਠਣਗੇ। ਸਿੱਧੂ ਨੇ ਵੀਡੀਓ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਲਈ ਜਾਰੀ ਹੋਇਆ ਇੱਕ ਹੁਕਮਨਾਮਾ ਵੀ ਪੜ੍ਹ ਕੇ ਸੁਣਾਇਆ, ਜਿਸ ਵਿੱਚ ਸਿੱਖਾਂ ਨੂੰ ਸਿਰਸਾ ਦੇ ਡੇਰਾ ਮੁਖੀ ਦਾ ਸਮਾਜਿਕ ਬਾਈਕਾਟ ਕਰਨ ਦਾ ਹੁਕਮ ਦਿੱਤਾ ਗਿਆ ਸੀ, ਲੋਕਾਂ ਨੂੰ ਇਨ੍ਹਾਂ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਾ ਰੱਖਣ ਬਾਰੇ ਕਿਹਾ ਗਿਆ ਸੀ। ਸਿੱਧੂ ਨੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਥ ਨੇ ਜਿਸਦੇ ਨਾਲ ਰੋਟੀ ਅਤੇ ਬੇਟੀ ਦੀ ਸਾਂਝ ਨਾ ਰੱਖਣ ਲਈ ਕਿਹਾ ਸੀ, ਉਨ੍ਹਾਂ ਨਾਲ ਅਕਾਲੀ ਦਲ ਨੇ ਨੋਟਾਂ ਅਤੇ ਵੋਟਾਂ ਦੀ ਸਾਂਝ ਰੱਖੀ।