‘ਦ ਖ਼ਾਲਸ ਬਿਊਰੋ :- ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਲੋਕਾਂ ਵੱਲੋਂ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ-ਨਾਲ ਮੌਲਿਕ ਚਿੰਤਕ ਵੀ ਸੀ। ਉਨ੍ਹਾਂ ਨੇ ਸਮਾਜਿਕ, ਸਿਆਸੀ ਅਤੇ ਸੱਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਅਤੇ ਉਨ੍ਹਾਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ‘ਦ ਖ਼ਾਲਸ ਟੀਵੀ ਆਜ਼ਾਦੀ ਸੰਗਰਾਮ ਦੇ ਇਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੈ। ਸ਼ਹੀਦ ਭਗਤ ਸਿੰਘ ਨੇ ਆਪਣੀ ਡਾਇਰੀ ਵਿੱਚ ਵਿਦਿਆਰਥੀਆਂ ਦੇ ਨਾਂ ਸੰਦੇਸ਼ ਦਿੱਤਾ ਹੈ, ਉਹ ਤੁਸੀਂ ਇੱਥੇ ਇੰਨ-ਬਿੰਨ ਪੜ੍ਹ ਸਕਦੇ ਹੋ।

ਦੂਸਰੀ ਪੰਜਾਬ ਸਟੂਡੈਂਟ ਯੂਨੀਅਨ ਦੀ ਕਾਨਫਰੰਸ 19-20 ਅਕਤੂਬਰ 1929 ਨੂੰ ਲਾਹੌਰ ਵਿੱਚ ਹੋਈ, ਉਸ ’ਤੇ ਇਹ ਸੰਦੇਸ਼ ਵਿਦਿਆਰਥੀਆਂ ਨੂੰ ਭੇਜਿਆ ਗਿਆ। ਭਗਤ ਸਿੰਘ ਅਤੇ ਬੀ.ਕੇ. ਦੱਤ ਦਾ ਸੁਨੇਹਾ ਮਿਹਨਤੀ ਲੋਕਾਂ ਵਿੱਚ ਜਾਣ ਦਾ ਹੈ ਅਤੇ ਉਨ੍ਹਾਂ ਨੂੰ ਵਿਚਾਰਧਾਰਕ ਤੌਰ ’ਤੇ ਭਾਵੀ ਭਵਿੱਖ ਲਈ ਤਿਆਰ ਕਰਨ ਦਾ ਹੈ। ਇਹ 19 ਅਕਤੂਬਰ, 1929 ਨੂੰ ਕਾਨਫਰੰਸ ਵਿੱਚ ਪੜ੍ਹ ਕੇ ਸੁਣਾਇਆ ਗਿਆ।

“ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ। ਆਉਣ ਵਾਲੇ ਲਾਹੌਰ ਸੈਸ਼ਨ ਵਿੱਚ ਕਾਂਗਰਸ ਦੇਸ਼ ਦੀ ਸਵਤੰਤਰਤਾ ਲਈ ਤਕੜੀ ਜੱਦੋ-ਜਹਿਦ ਦਾ ਐਲਾਨ ਕਰ ਰਹੀ ਹੈ। ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨ ਜਮਾਤ ਦੇ ਸਿਰਾਂ ਉੱਤੇ ਮਣਾਂ-ਮੂੰਹੀਂ ਜ਼ਿੰਮੇਵਾਰੀ ਦਾ ਭਾਰ ਆ ਜਾਂਦਾ ਹੈ। ਹੋਰ ਸਭ ਤੋਂ ਵੱਧ ਵਿਦਿਆਰਥੀ ਹੀ ਤਾਂ ਆਜ਼ਾਦੀ ਦੀ ਲੜਾਈ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਲੜਦੇ ਸ਼ਹੀਦ ਹੋਏ ਹਨ। ਕੀ ਭਾਰਤੀ ਨੌਜਵਾਨ ਇਸ ਪ੍ਰੀਖਿਆ ਦੇ ਸਮੇਂ ਓਹੀ ਸੰਜੀਦਾ ਇਰਾਦਾ ਵਿਖਾਉਣ ਤੋਂ ਝਿਜਕਣਗੇ?

ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ-ਕੋਨੇ ਵਿੱਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਉਹ ਆਜ਼ਾਦੀ ਲਿਆਵੇ, ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ-ਖਸੁੱਟ ਅਸੰਭਵ ਹੋ ਜਾਵੇਗੀ, ਕਿਉਂਕਿ ਆਮ ਤੌਰ ’ਤੇ ਪੰਜਾਬ ਨੂੰ ਰਾਜਨੀਤਕ ਤੌਰ ’ਤੇ ਪਛੜਿਆ ਸਮਝਿਆ ਜਾਂਦਾ ਹੈ, ਸੋ ਇਸ ਕਰਕੇ ਇੱਥੋਂ ਦੇ ਨੌਜਵਾਨਾਂ ’ਤੇ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਆਓ, ਆਪਣੇ ਸ਼ਹੀਦ ਜਤਿੰਦਰ ਨਾਥ ਦਾਸ ਦੀ ਮਹਾਨ ਤੇ ਗੌਰਵਮਈ ਮਿਸਾਲ ਨੂੰ ਕਾਇਮ ਰੱਖਦੇ ਹੋਏ, ਆਉਣ ਵਾਲੀ ਜੰਗ ਵਿੱਚ ਆਪਣੀ ਮਜ਼ਬੂਤੀ ਤੇ ਅਡੋਲ ਬਹਾਦਰੀ ਰਾਹੀਂ ਆਪਣੀ ਜਾਗ੍ਰਿਤੀ ਦਾ ਸਬੂਤ ਦਈਏ।”

Leave a Reply

Your email address will not be published. Required fields are marked *