India Khaas Lekh Punjab

ਸ਼ਹੀਦ-ਏ-ਆਜ਼ਮ-ਭਗਤ ਸਿੰਘ ਦਾ ਨੌਜਵਾਨਾਂ ਨੂੰ ਸੁਨੇਹਾ

‘ਦ ਖ਼ਾਲਸ ਬਿਊਰੋ :- ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਲੋਕਾਂ ਵੱਲੋਂ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ‘ਦ ਖ਼ਾਲਸ ਟੀਵੀ ਆਜ਼ਾਦੀ ਸੰਗਰਾਮ ਦੇ ਇਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੈ। ਸ਼ਹੀਦ ਭਗਤ ਸਿੰਘ ਨੇ ਆਪਣੀ ਡਾਇਰੀ ਵਿੱਚ ਪੰਜਾਬੀ ਨੌਜਵਾਨਾਂ ਦੇ ਨਾਂ ਸੰਦੇਸ਼ ਦਿੱਤਾ ਹੈ, ਉਹ ਤੁਸੀਂ ਇੱਥੇ ਇੰਨ-ਬਿੰਨ ਪੜ੍ਹ ਸਕਦੇ ਹੋ।

“ਨੌਜਵਾਨ ਪੰਜਾਬੀਓ, ਦੂਜੇ ਸੂਬਿਆਂ ਦੇ ਨੌਜਵਾਨ ਆਪ-ਆਪਣੀ ਥਾਂ ’ਤੇ ਤੂਫ਼ਾਨੀ ਰਫ਼ਤਾਰ ਨਾਲ ਕੰਮ ਕਰ ਰਹੇ ਹਨ। ਤਿੰਨ ਫਰਵਰੀ ਨੂੰ ਬੰਗਾਲ ਦੇ ਨੌਜਵਾਨਾਂ ਨੇ ਜਿਸ ਜਥੇਬੰਦੀ ਤੇ ਜਾਗਰਤੀ ਦਾ ਸਬੂਤ ਦਿੱਤਾ, ਉਹ ਸਾਡੇ ਲਈ ਚਾਨਣ ਮੁਨਾਰਾ ਹੈ। ਦੂਜੇ ਪੰਜਾਬ ਆਪਣੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਲੀਦਾਨਾਂ ਦੇ ਬਾਵਜੂਦ ਰਾਜਸੀ ਤੌਰ ’ਤੇ ਪੱਛੜਿਆ ਹੋਇਆ ਸੂਬਾ ਮੰਨਿਆ ਜਾਂਦਾ ਹੈ। ਕਿਸ ਲਈ? ਇਸ ਕਰਕੇ ਕਿ ਅਸੀਂ ਇੱਕ ਯੋਧਿਆਂ ਦੀ ਕੌਮ ਵਿੱਚੋਂ ਤਾਂ ਹਾਂ, ਪਰ ਸਾਡੇ ਵਿੱਚ ਜਥੇਬੰਦੀ ਤੇ ਅਨੁਸ਼ਾਸਨ ਦੀ ਕਮੀ ਹੈ। ਅਸੀਂ, ਜੋ ਕਿ ਪੁਰਾਤਨ ਸਮੇਂ ਦੀ ਟੈਕਸਿਲਾ ਦੀ ਯੂਨੀਵਰਸਿਟੀ ’ਤੇ ਮਾਣ ਕਰਦੇ ਹਾਂ, ਅੱਜ ਸੱਭਿਆਚਾਰ ਤੋਂ ਬਿਲਕੁਲ ਕੋਰੇ ਬੈਠੇ ਹਾਂ ਅਤੇ ਸੱਭਿਆਚਾਰ ਬਣਾਉਣ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੈ ਅਤੇ ਅਜਿਹਾ ਸਾਹਿਤ ਇੱਕ ਸਾਂਝੀ ਤੇ ਉੱਨਤ ਬੋਲੀ ਤੋਂ ਬਗ਼ੈਰ ਨਹੀਂ ਰਚਿਆ ਜਾ ਸਕਦਾ। ਅਫ਼ਸੋਸ : ਕਿ ਸਾਡੇ ਪਾਸ ਇਨ੍ਹਾਂ ਵਿੱਚੋਂ ਕੁੱਝ ਵੀ ਨਹੀਂ।”