‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਅਤੇ 26 ਮਾਰਚ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਯੋਜਿਤ ਇੱਕ ਬੈਠਕ ਵਿੱਚ ਕਈ ਅਲੱਗ-ਅਲੱਗ ਪ੍ਰਗਤੀਸ਼ੀਲ ਸੰਗਠਨਾਂ ਨੇ ਭਾਗ ਲਿਆ। ਸੰਗਠਿਤ ਅਤੇ ਗੈਰ-ਸੰਗਠਿਤ ਖੇਤਰਾਂ ਦੇ ਟਰੇਡ ਯੂਨੀਅਨਾਂ, ਵਪਾਰੀਆਂ ਅਤੇ ਆੜ੍ਹਤੀਆਂ ਦੇ ਸੰਗਠਨ, ਮਜ਼ਦੂਰ, ਕਿਸਾਨ ਯੂਨੀਅਨਾਂ, ਟਰਾਂਸਪੋਰਟ ਸੰਗਠਨਾਂ, ਅਧਿਆਪਕ ਯੂਨੀਅਨਾਂ, ਨੌਜਵਾਨ ਅਤੇ ਵਿਦਿਆਰਥੀ ਯੂਨੀਅਨਾਂ ਅਤੇ ਹੋਰ ਲੋਕਾਂ ਨੇ ਇਸ ਬੈਠਕ ਵਿੱਚ ਹਿੱਸਾ ਲਿਆ। ਸਾਰੇ ਸੰਗਠਨਾਂ ਨੇ ਇਸ ਅੰਦੋਲਨ ਨੂੰ ਤੇਜ਼ ਕਰਨ ਵਿੱਚ ਲੱਗੇ ਲੋਕਾਂ ਨੂੰ ਜੋੜਨ ਅਤੇ ਦਿੱਲੀ ਦੇ ਆਸ-ਪਾਸ ਦੀਆਂ ਧਰਨਿਆਂ ਵਾਲੀਆਂ ਥਾਂਵਾਂ ਵਿੱਚ ਸ਼ਾਮਿਲ ਹੋਣ ਲਈ ਹਰ ਸੰਭਵ ਸਹਿਯੋਗ ਦੀ ਅਪੀਲ ਕੀਤੀ।

ਸੰਯੁਕਤ ਕਿਸਾਨ ਮੋਰਚਾ ਨੇ ਨੋਟਿਸ ਲਿਆ ਕਿ ਧਰਨੇ ਵਾਲੀਆਂ ਥਾਂਵਾਂ ਦੇ ਆਸ-ਪਾਸ ਹੋਰ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ਪੁਲਿਸ ਦੀ ਇਸ ਗੈਰ-ਕਾਨੂੰਨੀ ਅਤੇ ਤਰਕਹੀਣ ਕਾਰਵਾਈ ਦੀ ਨਿੰਦਾ ਕੀਤੀ। ਸੰਯੁਕਤ ਕਿਸਾਨ ਮੋਰਚਾ ਨੇ ਪੁਲਿਸ ਨੂੰ ਇਹ ਬੈਰੀਕੇਡਿੰਗ ਹਟਾਉਣ ਦੀ ਮੰਗ ਕੀਤੀ, ਤਾਂ ਜੋ ਸਥਾਨਕ ਲੋਕਾਂ ਦੇ ਜੀਵਨ ਨੂੰ ਕੋਈ ਮੁਸ਼ਕਿਲ ਨਾ ਆਵੇ।

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸ਼ਹੀਦ ਯਾਦਗਾਰ ਕਿਸਾਨ ਮਜ਼ਦੂਰ ਪੈਦਲ ਯਾਤਰਾ 18 ਤੋਂ 23 ਮਾਰਚ ਤੱਕ ਆਯੋਜਿਤ ਕੀਤੀ ਜਾਵੇਗੀ। ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਹਰਿਆਣਾ, ਯੂ.ਪੀ. ਅਤੇ ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਸੰਗਠਿਤ ਕਰਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਇੱਕ ਪੈਦਲ ਯਾਤਰਾ 18 ਮਾਰਚ ਨੂੰ ਹਿਸਾਰ, ਹਰਿਆਣਾ ਦੇ ਰੈੱਡ ਰੋਡ ਹਾਂਸੀ ਤੋਂ ਸ਼ੁਰੂ ਹੋਵੇਗੀ ਅਤੇ 23 ਮਾਰਚ ਨੂੰ ਟਿਕਰੀ ਬਾਰਡਰ ‘ਤੇ ਪਹੁੰਚੇਗੀ। ਦੂਜਾ ਮਾਰਚ ਪੰਜਾਬ ਦੇ ਖਟਕੜ ਕਲਾਂ ਤੋਂ ਸ਼ੁਰੂ ਹੋ ਕੇ ਪਾਣੀਪਤ ਦੇ ਰਸਤੇ ਹਰਿਆਣੇ ਦੇ ਸਮੂਹ ਵਿੱਚ ਸ਼ਾਮਲ ਹੋ ਕੇ ਸਿੰਘੂ ਬਾਰਡਰ ਪਹੁੰਚੇਗਾ। ਤੀਜਾ ਜਥਾ ਮਥੁਰਾ ਤੋਂ ਸ਼ੁਰੂ ਹੋ ਕੇ 23 ਮਾਰਚ ਨੂੰ ਪਲਵਲ ਪਹੁੰਚੇਗਾ।

ਸੰਯੁਕਤ ਕਿਸਾਨ ਮੋਰਚਾ ਨੇ ਦੱਸਿਆ ਕਿ ਕਰਨਾਟਕ ਵਿੱਚ 400 ਕਿਲੋਮੀਟਰ ਦੀ ਪੈਦਲ ਯਾਤਰਾ ਕੱਢੀ ਗਈ, ਜਿਸ ਵਿੱਚ ਨਿਸ਼ਚਤ ਰਸਤੇ ਦੇ ਨਾਲ ਲੱਗਦੇ ਪਿੰਡਾਂ ਵਿੱਚ ਭਾਰੀ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ। 23 ਮਾਰਚ ਨੂੰ ਬੇਲਾਰੀ ਵਿਖੇ ਯਾਤਰਾ ਪੂਰੀ ਕਰਨ ਤੋਂ ਬਾਅਦ 6 ਅਪ੍ਰੈਲ ਨੂੰ ਕਰਨਾਟਕ ਦੇ ਪਿੰਡਾਂ ਤੋਂ ਇਕੱਠੀ ਕੀਤੀ ਜਾ ਰਹੀ ਮਿੱਟੀ ਨੂੰ ਸਿੰਘੂ ਬੋਰਡਰ ‘ਤੇ ਲਿਆਂਦਾ ਜਾਵੇਗਾ। ਇੱਥੇ ਲਹਿਰ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ।

Leave a Reply

Your email address will not be published. Required fields are marked *