Khaas Lekh Religion

ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦੀ ਮਿਸਾਲ : ਸਾਕਾ ਪੰਜਾ ਸਾਹਿਬ, ਛਾਤੀਆਂ ਨਾਲ ਰੇਲਾਂ ਰੋਕ ਕੇ ਭੁੱਖੇ ਸਿੰਘਾਂ ਨੂੰ ਛਕਾਇਆ ਸੀ ਲੰਗਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਇਤਿਹਾਸ ਸ਼ਹਾਦਤਾਂ, ਸਾਕੇ, ਘੱਲੂਘਾਰੇ, ਕਤਲੇਆਮ ਨਾਲ ਸਿੰਜਿਆ ਹੋਇਆ ਹੈ ਅਤੇ ਅੱਜ ਦਾ ਦਿਨ ਵੀ ਇਤਿਹਾਸਕ ਹੈ ਕਿਉਂਕਿ ਇਸ ਦਿਨ ਸਾਕਾ ਪੰਜਾ ਸਾਹਿਬ ਵਾਪਰਿਆ ਸੀ ਜਿਸ ਵਿੱਚ ਸਾਡੇ ਵੱਡੇ-ਵਡੇਰਿਆਂ ਨੇ ਆਪਣੀਆਂ ਛਾਤੀਆਂ ਦੇ ਨਾਲ ਸਿੰਘਾਂ ਨਾਲ ਭਰੀ ਹੋਈ ਰੇਲ ਨੂੰ ਰੋਕਿਆ ਪਰ ਆਪਣੀ ਕੀਤੀ ਹੋਈ ਅਰਦਾਸ ਅਤੇ ਅਕੀਦੇ ਤੋਂ ਪਿੱਛੇ ਨਹੀਂ ਹਟੇ। ਅੱਜ ਅਸੀਂ ਸਾਕਾ ਪੰਜਾ ਸਾਹਿਬ ਦਾ ਇਤਿਹਾਸ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਸਾਡੇ ਸਾਰਿਆਂ ਦੇ ਮਨਾਂ ਅੰਦਰ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਆਖਿਰ ਇਹ ਸਾਕੇ ਕੀ ਹੁੰਦੇ ਹਨ, ਇਹ ਸਾਕੇ ਜਿਊਂਦੀਆਂ ਕੌਮਾਂ ਉੱਤੇ ਹੀ ਕਿਉਂ ਵਾਪਰਦੇ  ਹਨ, ਸਾਕਿਆਂ ਤੋਂ ਬਾਅਦ ਕੌਮਾਂ ‘ਚ ਚੇਤੰਨਤਾ ਕਿਵੇਂ ਪੈਦਾ ਹੁੰਦੀ ਹੈ ਤੇ ਕੌਮਾਂ ਆਪਣੇ ਆਜ਼ਾਦੀ ਵਾਲੇ ਰਸਤੇ ‘ਤੇ ਕਿਵੇਂ ਤੁਰਦੀਆਂ ਹਨ ਅਤੇ ਅੱਜ ਸਾਡੇ ‘ਚੋਂ ਉਹ ਚੇਤੰਨਤਾ ਕਿਉਂ ਖ਼ਤਮ ਹੁੰਦੀ ਜਾ ਰਹੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ‘ਤੇ ਇੱਕ ਕਲਮ ਨੇ ਬਹੁਤ ਸੋਹਣੀਆਂ ਪੰਕਤੀਆਂ ਦੇ ਵਿੱਚ ਸਾਨੂੰ ਤੇਗ ਦੇ, ਸ਼ਹੀਦੀ ਦੇ ਅਰਥ ਸਮਝਾਏ ਹਨ :

ਮੈਂ ਹਾਂ ਤੇਗ, ਤੇ ਪਰਖ ਲੈ ਤੇਗ ਤੂੰ ਵੀ।

ਇੱਕ ਦੋ ਨਹੀਂ, ਪਰਖ ਲੈ ਸੌ ਤੇਗਾਂ।

ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ,

ਮੇਰਾ ਕੁੱਝ ਨਹੀਂ ਸਕਦੀਆਂ ਖੋਹ ਤੇਗਾਂ।

ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ,

ਮੇਰੇ ਪਿਉ ਨੇ ਪਹਿਨੀਆਂ ਦੋ ਤੇਗਾਂ।

ਮੇਰੇ ਪਿਤਾ ਦੀ ਅਣਖ ਬਹਾਦਰੀ ‘ਤੇ,

ਰਿਹਾ ਪਰਖਦਾ ਤੇਰਾ ਪਿਉ ਤੇਗਾਂ।

ਹੁਣ ਵੇਖੀਂ ਆਉਂਦੇ ਭਵਿੱਖ ਅੰਦਰ,

ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ।

ਉਹਦੀ ਤੇਗ ‘ਚੋਂ ਜਿਹੜੀ ਤੇਗ ਨਿਕਲੂ,

ਲੱਖਾਂ ਲਊਗੀ ਤੇਰੀਆਂ ਖੋਹ ਤੇਗਾਂ।

ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਾਕਾ ਕਿਹਾ ਗਿਆ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਹਥਿਆਰਬੰਦ ਵਿਰੋਧ ਨਹੀਂ ਕੀਤਾ ਸੀ। ਇਨ੍ਹਾਂ ਸਾਕਿਆਂ ਦੀ ਲੜੀ ਵਿੱਚ ਹੀ ਅੱਜ ਅਸੀਂ ਸਾਕਾ ਪੰਜਾ ਸਾਹਿਬ ਦੇ ਉਨ੍ਹਾਂ ਮਰਜੀਵੜਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਇਨ੍ਹਾਂ ਸਤਰਾਂ ‘ਤੇ ਪਹਿਰਾ ਦਿੱਤਾ ਹੈ।

ਸਾਕਾ ਪੰਜਾ ਸਾਹਿਬ : ਇੱਕ ਦਰਦਨਾਕ ਦ੍ਰਿਸ਼

ਸਿੱਖਾਂ ਦੀ ਸਹਿਨਸ਼ੀਲਤਾ , ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦੀ ਇੱਕ ਉਦਾਹਰਨ ਸੀ ਜੋ 30 ਅਕਤੂਬਰ, 1922 ਦੀ ਸਵੇਰ ਪੰਜਾ ਸਾਹਿਬ ਦੇ ਨੇੜੇ ਹਸਨ ਅਬਦਾਲ ( ਪਾਕਿਸਤਾਨ ) ਰੇਲਵੇ ਸਟੇਸ਼ਨ ‘ਤੇ ਸਿੱਖਾਂ ਵੱਲੋਂ ਦੁਨੀਆ ਅੱਗੇ ਪੇਸ਼ ਕੀਤਾ ਗਿਆ। ਸਿੱਖਾਂ ਦੀ ਸੂਰਬੀਰਤਾ ਅਤੇ ਸੰਕਲਪ ਦ੍ਰਿੜਤਾ ਦੀ ਇਹ ਮਿਸਾਲ ਇੱਕ ਲੋਕ ਗਾਥਾ ਦਾ ਰੂਪ ਧਾਰਨ ਕਰ ਗਈ । ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਆਪਸੀ ਸਮਝੌਤੇ ਮਗਰੋਂ ਪੁਜਾਰੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿੱਚ ਆ ਗਿਆ ਸੀ।

ਇਸ ਗੁਰਦੁਆਰੇ ਦੇ ਨਾਂ ਲੱਗੀ ਜ਼ਮੀਨ ਤੋਂ ‘ਗੁਰੂ ਕਾ ਲੰਗਰ` ਲਈ ਲੱਕੜ ਲਿਆਉਣ ਵਾਸਤੇ ਦਰੱਖ਼ਤ ਕੱਟਣ ਦੇ ਅਧਿਕਾਰ ਨੂੰ ਦ੍ਰਿੜ੍ਹ ਕਰਾਉਣ ਹਿੱਤ 8 ਅਗਸਤ, 1922 ਨੂੰ ਇੱਕ ਅਹਿੰਸਕ ਸੰਘਰਸ਼ ਸ਼ੁਰੂ ਹੋ ਚੁੱਕਾ ਸੀ। ਪਹਿਲਾਂ ਤਾਂ ਇਸ ਅੰਦੋਲਨ ਦੇ ਜਥੇ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਉੱਤੇ ਨਾਜਾਇਜ਼ ਦਖ਼ਲ ਦਾ ਮੁਕੱਦਮਾ ਚਲਾਇਆ ਗਿਆ ਪਰ 25 ਅਗਸਤ ਤੋਂ ਮਗਰੋਂ ਹਰ ਰੋਜ਼ ਆਉਣ ਵਾਲੇ ਸਿੱਖ ਜਥਿਆਂ ਦੀ ਪੁਲਿਸ ਨੇ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਫਿਰ ਗਵਰਨਰ ਪੰਜਾਬ ਦੇ ਦਖ਼ਲ ਦੇਣ ‘ਤੇ ਮਾਰ-ਕੁਟਾਈ ਬੰਦ ਹੋ ਗਈ ਅਤੇ ਸਿੰਘਾਂ ਦੀਆਂ ਮੁੜ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ।

ਬੰਦੀ ਸਿੰਘਾਂ ਵਿਰੁੱਧ ਅੰਮ੍ਰਿਤਸਰ ਵਿੱਚ ਸਰਸਰੀ ਸੁਣਵਾਈ ਵਾਲੇ ਮੁਕੱਦਮੇ ਚਲਾਉਣ ਉਪਰੰਤ ਰੇਲ ਗੱਡੀਆਂ ਰਾਹੀਂ ਉਹਨਾਂ ਨੂੰ ਦੂਰ-ਦੂਰ ਦੀਆਂ ਜੇਲ੍ਹਾਂ ਵਿੱਚ ਭੇਜਣਾ ਸ਼ੁਰੂ ਕੀਤਾ ਗਿਆ। 29 ਅਕਤੂਬਰ, 1922 ਨੂੰ ਇੱਕ ਜਥਾ ਰੇਲ ਗੱਡੀ ਰਾਹੀਂ ਅਟਕ ਦੇ ਕਿਲ੍ਹੇ ਵੱਲ ਤੋਰਿਆ ਗਿਆ, ਜਿਸ ਨੇ ਹਸਨ ਅਬਦਾਲ ਸਟੇਸ਼ਨ ‘ਤੇ ਪੁੱਜਣਾ ਸੀ। ਪੰਜਾ ਸਾਹਿਬ ਦੇ ਸਿੱਖਾਂ ਨੇ ਇਹਨਾਂ ਬੰਦੀਆਂ ਨੂੰ ਭੋਜਨ ਛਕਾਉਣ ਦਾ ਫ਼ੈਸਲਾ ਕੀਤਾ ਅਤੇ ਜਦੋਂ ਲਗਭਗ 200 ਸਿੱਖ ਲੰਗਰ ਲੈ ਕੇ ਰੇਲਵੇ ਸਟੇਸ਼ਨ ਪੁੱਜੇ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਇਸ ਗੱਡੀ ਨੂੰ ਇਸ ਸਟੇਸ਼ਨ ‘ਤੇ ਰੋਕਣਾ ਅੱਜ ਦੀ ਸਮਾਂ ਸੂਚੀ ਵਿੱਚ ਸ਼ਾਮਲ ਨਹੀਂ ਹੈ।

ਗੱਡੀ ਰੋਕਣ ਦੀ ਬੇਨਤੀ ਨੂੰ ਮਨਜ਼ੂਰ ਨਾ ਕੀਤੇ ਜਾਣ ‘ਤੇ ਪੰਜਾ ਸਾਹਿਬ ਦੀ ਸੰਗਤ ਦੇ ਦੋ ਆਗੂਆਂ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਜਦੋਂ ਦੂਰੋਂ ਆਉਂਦੀ ਗੱਡੀ ਦੀ ਆਵਾਜ਼ ਸੁਣੀ ਤਾਂ ਉਹ ਅੱਗੇ ਵਧ ਕੇ ਰੇਲ ਦੀ ਪਟੜੀ ਦੇ ਵਿਚਕਾਰ ਚੌਂਕੜੀ ਮਾਰ ਕੇ ਬੈਠ ਗਏ। ਇਹ ਵੇਖ ਕੇ ਕੁੱਝ ਹੋਰ ਸਿੱਖ ਅਤੇ ਬੀਬੀਆਂ ਵੀ ਰੇਲ-ਪਟੜੀ ‘ਤੇ ਜਾ ਬੈਠੇ। ਗੱਡੀ ਦੇ ਡਰਾਈਵਰ ਨੇ ਤੁਰੰਤ ਚਾਲ ਮੱਠੀ ਕੀਤੀ ਅਤੇ ਅੱਗੇ ਵੱਧਦੀ ਗੱਡੀ ਨੂੰ ਰੋਕਿਆ ਪਰ ਰੇਲ ਪਟੜੀ ‘ਤੇ ਬੈਠੇ 11 ਵਿਅਕਤੀਆਂ ਨੂੰ ਕੁਚਲਣ ਤੋਂ ਪਹਿਲਾਂ ਨਾ ਰੁਕ ਸਕੀ। ਜਦੋਂ ਗੱਡੀ ਰੁਕੀ ਤਾਂ ਬੰਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਗਿਆ। ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਏ ਅਤੇ ਅਗਲੇ ਦਿਨ ਦੋਵੇਂ ਸਿੰਘ ਦਮ ਤੋੜ ਗਏ।

ਸ਼ਹੀਦ ਭਾਈ ਪ੍ਰਤਾਪ ਸਿੰਘ

ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ, 1899 ਈ: ਨੂੰ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ ਦੇ ਸ: ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖ ਤੋਂ ਹੋਇਆ ਸੀ। ਆਪਣੇ ਕਸਬੇ ਵਿੱਚ ਸਿੱਖਿਆ ਪ੍ਰਾਪਤ ਕਰਨ ਪਿੱਛੋਂ ਭਾਈ ਪ੍ਰਤਾਪ ਸਿੰਘ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ਵਿੱਚ ਅਧਿਆਪਕ ਨਿਯੁਕਤ ਹੋਏ। ਫਿਰ ਕਰਾਚੀ ਦੇ ਕਿਸੇ ਆੜ੍ਹਤੀਏ ਕੋਲ ਵੀ ਨੌਕਰੀ ਕੀਤੀ।

1918 ਈ: ਵਿੱਚ ਇਨ੍ਹਾਂ ਦਾ ਵਿਆਹ ਬੀਬੀ ਹਰਨਾਮ ਕੌਰ ਨਾਲ ਹੋਇਆ। ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਪ੍ਰੇਰਿਤ ਹੋ ਕੇ ਨੌਕਰੀ ਛੱਡ ਦਿੱਤੀ ਅਤੇ ਆਪਣਾ ਪੂਰਾ ਜੀਵਨ ਗੁਰਦੁਆਰਾ ਸੁਧਾਰ ਲਹਿਰ ਲਈ ਗੁਰੂ ਪੰਥ ਦੇ ਲੇਖੇ ਲਾਉਣ ਲਈ ਕੌਮ ਨੂੰ ਸਮਰਪਿਤ ਕਰ ਦਿੱਤਾ। ਪੰਜਾ ਸਾਹਿਬ ਦੇ ਸਾਕੇ ਸਮੇਂ ਉਹ ਗੁਰਦੁਆਰਾ ਪੰਜਾ ਸਾਹਿਬ ਵਿੱਚ ਖਜ਼ਾਨਚੀ ਦੀ ਸੇਵਾ ਕਰ ਰਹੇ ਸਨ।

ਸ਼ਹੀਦ ਭਾਈ ਕਰਮ ਸਿੰਘ

ਇਸ ਸਾਕੇ ਦੇ ਦੂਸਰੇ ਸ਼ਹੀਦ ਭਾਈ ਕਰਮ ਸਿੰਘ ਸਨ। ਇਨ੍ਹਾਂ ਦਾ ਜਨਮ 14 ਨਵੰਬਰ, 1885 ਈ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਘਰ ਹੋਇਆ। ਅੰਮ੍ਰਿਤ ਛਕਣ ਤੋਂ ਪਹਿਲਾਂ ਇਨ੍ਹਾਂ ਦਾ ਪਰਿਵਾਰਕ ਨਾਂਅ ਸ: ਸੰਤ ਸਿੰਘ ਸੀ। ਘਰ ਦੇ ਧਾਰਮਿਕ ਪ੍ਰਭਾਵ ਕਾਰਨ ਪਿਤਾ ਜੀ ਤੋਂ ਗੁਰਬਾਣੀ ਦੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਕੇ ਥੋੜ੍ਹੇ ਸਮੇਂ ਵਿੱਚ ਨਾਮਵਰ ਕੀਰਤਨੀਏ ਬਣ ਗਏ।

1922 ਈ: ਵਿੱਚ ਆਪਣੀ ਪਤਨੀ ਸਮੇਤ ਗੁ: ਪੰਜਾ ਸਾਹਿਬ ਦੇ ਦਰਸ਼ਨਾਂ ਨੂੰ ਗਏ। ਇੱਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ। ਇੱਥੇ ਹੀ ਅੰਮ੍ਰਿਤਪਾਨ ਕਰਕੇ ਸੰਤ ਸਿੰਘ ਤੋਂ ਕਰਮ ਸਿੰਘ ਨਾਂਅ ਰੱਖਿਆ। ਜਦੋਂ ਇਸ ਸਾਕੇ ਦੀ ਇਹ ਘਟਨਾ ਵਾਪਰੀ, ਉਦੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਰੇਲਵੇ ਲਾਈਨ ਉੱਪਰ ਚੌਂਕੜੇ ਮਾਰ ਕੇ ਬੈਠੇ ਸਨ ਅਤੇ ਬਾਕੀ ਸੰਗਤਾਂ ਉਨ੍ਹਾਂ ਦੇ ਪਿੱਛੇ ਰੇਲ ਲਾਈਨ ਉੱਪਰ ਬੈਠੀਆਂ ਸਨ। ਗੱਡੀ ਵਿਸਲਾਂ ਮਾਰਦੀ ਆ ਰਹੀ ਸੀ ਪਰ ਇਹ ਮਰਜੀਵੜੇ ਆਪਣੇ ਅਕੀਦੇ ਅਤੇ ਕੀਤੀ ਹੋਈ ਅਰਦਾਸ ਤੋਂ ਜ਼ਰਾ ਜਿੰਨਾ ਵੀ ਨਹੀਂ ਥਿੜਕੇ।

ਰੇਲ ਗੱਡੀ ਰੁਕ ਤਾਂ ਗਈ ਪਰ ਗਿਆਰਾਂ ਸਿੰਘ ਨੂੰ ਦਰੜ ਕੇ। ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਸਨ ਪਰ ਸਾਹ ਚੱਲ ਰਹੇ ਸਨ। ਸਾਰੇ ਜ਼ਖਮੀਆਂ ਨੂੰ ਗੁ: ਪੰਜਾ ਸਾਹਿਬ ਦੇ ਗੁਰ ਧਾਮ ਵਿੱਚ ਇਲਾਜ ਲਈ ਪਹੁੰਚਾਇਆ ਗਿਆ।

ਇਹਨਾਂ ਦੇ ਮ੍ਰਿਤਕ ਸਰੀਰਾਂ ਨੂੰ ਰਾਵਲਪਿੰਡੀ ( ਪਾਕਿਸਤਾਨ ) ਲਿਆਂਦਾ ਗਿਆ । 1 ਨਵੰਬਰ 1922 ਨੂੰ ਇਹਨਾਂ ਦਾ ਸਸਕਾਰ ਕੀਤਾ ਗਿਆ ਅਤੇ ਸਿੱਖ ਸੰਗਤਾਂ ਵੱਲੋਂ ਇਹਨਾਂ ਨੂੰ ਸ਼ਹੀਦ ਐਲਾਨਿਆ ਗਿਆ।

ਸਾਕਾ ਹੁੰਦਾ ਕੀ ਹੈ ?

ਸਾਕਾ ਉਹ ਹੁੰਦਾ ਹੈ ਜਿੱਥੇ ਉਨ੍ਹਾਂ ਲੋਕਾਂ ਦੀ ਸ਼ਹਾਦਤ ਹੁੰਦੀ ਹੈ, ਉਨ੍ਹਾਂ ਧਰਮੀ ਜਿਉੜਿਆਂ ਨੂੰ ਸ਼ਹੀਦੀ ਦੇਣੀ ਪੈਂਦੀ ਹੈ, ਜਿੱਥੇ ਉਨ੍ਹਾਂ ਵੱਲੋਂ ਹਥਿਆਰਬੰਦ ਸੰਘਰਸ਼ ਨਹੀਂ ਕੀਤਾ ਜਾਂਦਾ। ਸਾਕੇ ਦੇ ਵਿੱਚ ਚਾਰ ਚੀਜ਼ਾਂ ਮੌਜੂਦ ਹੁੰਦੀਆਂ ਹਨ ; ਕਤਲ, ਕਾਤਲ, ਮਖਤਲ, ਮਖਤੂਲ। ਇਹ ਚਾਰੇ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਹਨ ; ਕਤਲ ਹੈ ਕੀਤੇ ਜਾਣ ਦੀ ਕਿਰਿਆ, ਕਾਤਲ ਹੈ ਜਿਹੜਾ ਇਹ ਕਿਰਿਆ ਕਰਦਾ ਹੈ, ਮਖਤਲ ਹੈ ਜਿਸ ਜਗ੍ਹਾ ‘ਤੇ ਕਤਲ ਕੀਤਾ ਜਾਂਦਾ ਹੈ ਅਤੇ ਮਖਤੂਰ ਹੈ ਜਿਸਦਾ ਕਤਲ ਕੀਤਾ ਜਾਂਦਾ ਹੈ।

ਸਾਕੇ ਸਿਰਫ ਤੇ ਸਿਰਫ ਸਿੱਖ ਕੌਮ ‘ਤੇ ਹੀ ਵਾਪਰੇ ਹਨ, ਦੁਨੀਆ ਦੇ ਕਿਸੇ ਵੀ ਧਰਮ ਦਾ ਕੋਈ ਪੀਰ, ਰਹਿਬਰ, ਮਸੀਹਾ ਮੌਤ ਦੇ ਵਾਸਤੇ ਆਪ ਤੁਰ ਕੇ ਮਖਤਲ ਦੇ ਵਿੱਚ ਨਹੀਂ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਤੁਰ ਕੇ ਮਖਤਲ ਵਿੱਚ ਗਏ ਹਨ ਅਤੇ ਉਸ ਤੋਂ ਬਾਅਦ ਸਿੰਘਾਂ ਦੇ ਜਥੇ ਜਾਂਦੇ ਰਹੇ ਹਨ। ਛੋਟੇ ਸਾਹਿਬਜ਼ਾਦੇ ਆਪ ਤੁਰ ਕੇ ਮਖਤਲ ਵਿੱਚ ਗਏ ਹਨ।