Punjab

ਪੰਜਾਬ ਪੁਲਿਸ ਵੱਲੋਂ ਖਾਲਿਸਤਾਨੀ ਗ੍ਰਿਫਤਾਰ ਕਰਨ ਦਾ ਦਾਅਵਾ

‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਸੂਬੇ ਵਿੱਚ ਵੱਡੀ ਦਹਿਸ਼ਤਗਰਦੀ ਘਟਨਾ ਨੂੰ ਰੋਕਦਿਆਂ ਪੰਜਾਬ ਪੁਲਿਸ ਨੇ ਖਾਲਿਸਤਾਨ-ਪੱਖੀ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਤਹਿਤ ਪੰਜ ਅਪਰਾਧੀਆਂ ਜੋ ਕਿ ਇਕੱਠੇ ਕੰਮ ਕਰ ਸਨ, ਉਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੇ ਤਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ ਹੋਏ ਹਨ।

ਪੰਜਾਬ ਦੇ DGP ਦਿਨਕਰ ਗੁਪਤਾ ਨੇ ਕਿਹਾ ਕਿ ਇਹ ਲੋਕ ਸੂਬੇ ‘ਚ ਅੱਤਵਾਦੀ ਹਮਲੇ ਕਰਕੇ ਸ਼ਾਂਤੀ ਤੇ ਸਦਭਾਵਨਾ ਭੰਗ ਕਰਨ ਦੀ ਕੋਸ਼ਿਸ਼ ਵਿੱਚ ਸਨ। ਉਨ੍ਹਾਂ ਕਿਹਾ ਕਿ ਕੁੱਝ ਖਾਲਿਸਤਾਨ ਪੱਖੀ ਅਨਸਰਾਂ ਦੇ ਮਨਸੂਬਿਆਂ ਬਾਰੇ ਜਾਣਕਾਰੀ ਦੇ ਅਧਾਰ ‘ਤੇ ਪਾਕਿਸਤਾਨੀ ਸਹਾਇਤਾ ਪ੍ਰਾਪਤ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਗੁਪਤਾ ਨੇ ਦੱਸਿਆ ਕਿ ਜਾਣਕਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਖ-ਵੱਖ ਹਿੱਸਿਆਂ ਤੋਂ ਸੂਬੇ ‘ਚ ਦਾਖਲ ਹੋਣ ਵਾਲਿਆਂ ਦੀ ਪੂਰੀ ਤਰ੍ਹਾਂ ਜਾਂਚ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਚਲਾਈ ਸੀ। ਇਸ ਦੌਰਾਨ ਹਰਜੀਤ ਸਿੰਘ ਉਰਫ ਰਾਜੂ ਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪਿੰਡ ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਰਾਜਪੁਰਾ ਦੇ ਹੋਟਲ ਜਸ਼ਨ ਨੇੜੇ ਚੈਕਪੋਸਟ ‘ਤੇ ਪੁਲਿਸ ਪਾਰਟੀ ਵੱਲੋਂ ਸਰਹਿੰਦ ਰੋਡ ‘ਤੇ ਕਾਬੂ ਕੀਤੇ ਗਏ ਇਨ੍ਹਾਂ ਦੋਵਾਂ ਕੋਲੋਂ ਹਥਿਆਰਾਂ ਸਣੇ (ਇੱਕ 9 MM ਪਿਸਤੌਲ, ਚਾਰ .32 ਕੈਲੀਬਰ ਪਿਸਤੌਲ ਤੇ ਇੱਕ .32 ਰਿਵਾਲਵਰ), 8 ਰੌਂਦ, ਕਈ ਮੋਬਾਈਲ ਫੋਨ ਤੇ ਇੱਕ ਇੰਟਰਨੈੱਟ ਡੌਂਗਲ ਬਰਾਮਦ ਕੀਤੇ ਗਏ ਹਨ।

DGP ਮੁਤਾਬਕ ਮੁੱਢਲੀ ਜਾਂਚ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 4 ਹਥਿਆਰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਮਿਲੇ ਹਨ, ਅਤੇ ਦੋ ਸਫੀਦੋਂ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਮਿਲੇ ਹਨ। ਗੁਪਤਾ ਨੇ ਖੁਲਾਸਾ ਕੀਤਾ ਕਿ ਇਨ੍ਹਾਂ ‘ਤੇ ਥਾਣਾ ਸਰਾਏ ਸਰਾ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ ਵਿੱਚ ਕਤਲ ਦੀ ਕੋਸ਼ਿਸ਼ ਤੇ ਆਰਮਜ਼ ਐਕਟ ਦਾ ਕੇਸ ਵੀ ਦਰਜ ਹੈ।