’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਦੀਆਂ ਸਰਹੱਦਾਂ ਉੱਤੇ ਦੇਸ਼ ਭਰ ਦੇ ਕਿਸਾਨ 27 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ। 40 ਦੇ ਕਰੀਬ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗਵਾ ਚੁੱਕੇ ਹਨ। ਉੱਧਰ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਨਵੇਂ ਖੇਤੀ ਕਾਨੂੰਨਾਂ ਦੇ ਲਾਭ ਗਿਣਾਉਣ ਲਈ ਪੂਰੀ ਵਾਹ ਲਾ ਰਹੀ ਹੈ। ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਸਮਝਾਉਣ ਦੀ ਰਣਨੀਤੀ ਘੜੀ ਗਈ ਹੈ। ਇਸੇ ਦੌਰਾਨ ਹੀ ਬੀਜੇਪੀ ਦੇ ਕਈ ਮੰਤਰੀ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਬੁਰਾ ਭਲਾ ਵੀ ਕਹਿ ਰਹੇ ਹਨ। ਬੀਜੇਪੀ ਦੇ ਇਸ ਰਵੱਈਏ ਖ਼ਿਲਾਫ਼ ਕਿਸਾਨਾਂ ਵਿੱਚ ਵਿਰੋਧ ਇੰਨਾ ਵਧ ਗਿਆ ਹੈ ਕਿ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਆਪਣੇ ਹੀ ਸੂਬੇ ਵਿੱਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਅੰਬਾਲਾ ਵਿੱਚ ਮੁੱਖ ਮੰਤਰੀ ਖੱਟਰ ਨਗਰ ਨਿਗਮ ਚੋਣਾਂ ਸਬੰਧੀ ਇੱਕ ਮੀਟਿੰਗ ਕਰਨ ਪਹੁੰਚੇ ਸਨ। ਉਨ੍ਹਾਂ ਦੀ ਇਸ ਫੇਰੀ ਦੌਰਾਨ ਪਹਿਲਾਂ ਤਾਂ ਕਿਸਾਨਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਕਾਲੇ ਝੰਡੇ ਵਿਖਾਏ। ਪ੍ਰਦਰਸ਼ਨ ਹੁੰਦਾ ਵੇਖ ਪੁਲਿਸ ਨੇ ਮੁੱਖ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਨੂੰ ਦੂਜੇ ਰਸਤੇ ਵੱਲ ਮੋੜ ਦਿੱਤਾ। ਇਸ ’ਤੇ ਕਿਸਾਨਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਵੇਖਦੇ ਹੀ ਵੇਖਦੇ ਕਿਸਾਨ ਹੋਰ ਭੜਕ ਗਏ।

ਇਸੇ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ‘ਤੇ ਹਮਲਾ ਕਰ ਦਿੱਤਾ। ਖੱਟਰ ਦੀ ਗੱਡੀ ‘ਤੇ ਖ਼ੂਬ ਡਾਂਗਾਂ ਵਰ੍ਹਾਈਆਂ ਗਈਆਂ। ਜਿਸ ਗੱਡੀ ‘ਚ ਉਹ ਸਵਾਰ ਸਨ, ਉਸ ‘ਤੇ ਡੰਡਿਆਂ ਦੇ ਤਾਬੜਤੋੜ ਵਾਰ ਸ਼ੁਰੂ ਕਰ ਦਿੱਤੇ। ਕਈ ਗੱਡੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਵੀ ਧੱਕਾਮੁੱਕੀ ਹੋਈ। ਇਸ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।


ਡੰਡਿਆਂ ਦੀ ਬਰਸਾਤ ਦੇ ਨਾਲ-ਨਾਲ ਕਿਸਾਨਾਂ ਨੇ ਮੁੱਖ ਮੰਤਰੀ ਖੱਟਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਬਹੁਤ ਸਾਰੇ ਸਿੱਖ ਕਿਸਾਨਾਂ ਦੀਆਂ ਪੱਗ ਲੱਥ ਗਈਆਂ, ਜਿਸ ਕਰਕੇ ਕਿਸਾਨ ਹੋਰ ਭੜਕ ਗਏ ਅਤੇ ਪੁਲਿਸ ਨਾਲ ਧੱਕਾਮੁੱਕੀ ਸ਼ੁਰੂ ਹੋ ਗਈ। ਪੁਲਿਸ ਨਾਲ ਹੋਈ ਝੜਪ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਮਾਗਮ ਵਾਲੀ ਥਾਂ ‘ਤੇ ਲੱਗੇ ਸਾਰੇ ਪੋਸਟਰ ਤੇ ਝੰਡੇ ਪਾੜ ਦਿੱਤੇ।

ਮਨੋਹਰ ਲਾਲ ਖੱਟਰ ਅੰਬਾਲਾ ‘ਚ ਨਗਰ ਨਿਗਮ ਚੋਣਾਂ ਸਬੰਧੀ ਮੀਟਿੰਗ ਕਰਨ ਆਏ ਸਨ। ਇਸ ਮਗਰੋਂ ਉਨ੍ਹਾਂ ਨੇ ਭਾਜਪਾ ਦੀ ਮੇਅਰ ਅਹੁਦੇ ਦੀ ਉਮੀਦਵਾਰ ਡਾ. ਵੰਦਨਾ ਸ਼ਰਮਾ ਦੇ ਸਮਰਥਨ ‘ਚ ਰੈਲੀ ਕਰਨੀ ਸੀ, ਪਰ ਮੀਟਿੰਗ ਤੋਂ ਬਾਹਰ ਨਿਕਲਦੇ ਹੀ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਯਾਦ ਰਹੇ ਮੁੱਖ ਮੰਤਰੀ ਖੱਟਰ ਨੇ ਬਿਆਨ ਦਿੱਤਾ ਸੀ ਕਿ ਹਰਿਆਣਾ ਦੇ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਸਨ। 

 

 

Leave a Reply

Your email address will not be published. Required fields are marked *