Punjab

ਪਾਵਨ ਸਰੂਪ ਤਾਂ ਗੁੰਮ ਹੀ ਨਹੀਂ ਹੋਏ, SGPC ਪ੍ਰਧਾਨ ਲੌਂਗੋਵਾਲ ਦਾ ਹੈਰਾਨੀਜਨਕ ਦਾਅਵਾ

‘ਦ ਖ਼ਾਲਸ ਬਿਊਰੋ:- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਚੈਨਲ ‘ਤੇ ਗੱਲਬਾਤ ਕਰਦਿਆਂ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਾਵਨ ਸਰੂਪ ਗੁੰਮ ਨਹੀਂ ਹੋਏ ਹਨ।

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸੰਬੰਧੀ ਰਿਪੋਰਟ ਦੇ ਪਹਿਲੇ ਪੰਨੇ ‘ਚ ਸਾਫ਼-ਸਾਫ਼ ਲਿਖਿਆ ਹੈ ਕਿ “ਇਹ ਸਰੂਪ ਸੰਗਤਾਂ ਨੂੰ ਦਿੱਤੇ ਗਏ ਹਨ ਤੇ ਬਣਦੀ ਭੇਟਾਂ ਜਮਾਂ ਨਹੀਂ ਕਰਵਾਈ ਗਈ। ਇਸ ਤੋਂ ਸਪੱਸ਼ਟ ਹੈ ਕਿ ਸਰੂਪ ਕੋਈ ਗੁੰਮੇ ਨਹੀਂ ਹਨ, ਉਹ ਸੰਗਤਾਂ ਕੋਲ ਗਏ ਹਨ ਅਤੇ ਸਿਰਫ ਭੇਟਾਂ ਜਾਂ ਪੈਸੇ ਖਾਣ ਪਿੱਛੇ ਸਾਰਾ ਕੁੱਝ ਵਾਪਰਿਆ ਹੈ। ਸੋ, ਸੰਗਤਾਂ ਵਿੱਚ ਸਰੂਪ ਗੁੰਮਣ ਦੀ ਗੱਲ ਵਿਰੋਧੀਆਂ ਵੱਲੋ ਜਾਣ ਬੁੱਝ ਕੇ ਫੈਲਾਈ ਜਾ ਰਹੀ ਹੈ”।

ਲੌਂਗੋਵਾਲ ਨੇ ਬਿਆਨ ਦਿੰਦਿਆਂ ਕਿਹਾ ਕਿ “ਪਾਵਨ ਸਰੂਪ ਗੁੰਮ ਨਹੀਂ ਹੋਏ ਤੇ ਰਿਕਾਰਡ ਨਾਲ ਹੇਰਾ-ਫੇਰੀ ਕੀਤੀ ਗਈ ਹੈ।  ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ”।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਸੰਬੰਧੀ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਮੋਰਚਾ ਖੋਲਿਆ ਗਿਆ ਹੈ। ਤਿੰਨ ਦਿਨਾਂ ਤੋਂ ਸਿੱਖ ਜਥੇਬੰਦੀਆਂ ਵੱਲੋਂ ਦੀਵਾਨ ਹਾਲ ਮੰਜੀ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦਾ ਦਫਤਰ ਵੀ ਘੇਰਿਆ ਗਿਆ ਸੀ।