Punjab

ਸ਼ੂਗਰ ਮਿੱਲ੍ਹ ਤਾਂ ਕੀ ਚਲਾਉਣੀ, ਹਜ਼ਾਰਾਂ ਬੂਟਿਆਂ ਦੀ ਦੇ ਦਿੱਤੀ ਬਲੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ‘ਤੇ ਬੜੀ ਖੂਬਸੂਰਤ ਰਚਨਾ ਹੈ…

ਕੁੱਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁੱਝ ਰੁੱਖ ਲਗਦੇ ਮਾਵਾਂ,
ਕੁੱਝ ਰੁੱਖ ਨੂੰਹਾਂ ਧੀਆਂ ਲਗਦੇ, ਕੁੱਝ ਰੁੱਖ ਵਾਂਗ ਭਰਾਵਾਂ।
ਕੁੱਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ ਟਾਵਾਂ,
ਕੁੱਝ ਰੁੱਖ ਮੇਰੀ ਦਾਦੀ ਵਰਗੇ, ਚੂਰੀ ਪਾਵਣ ਕਾਵਾਂ।
ਕੁੱਝ ਰੁੱਖ ਯਾਰਾਂ ਵਰਗੇ ਲਗਦੇ, ਚੁੰਮਾਂ ਤੇ ਗੱਲ ਲਾਵਾਂ।

ਪਰ, ਫਰੀਦਕੋਟ ਵਿੱਚ ਰੁੱਖਾਂ ਨੂੰ ਗਲ ਲਗਾਉਣ ਜਾਂ ਫਿਰ ਚੁੰਮਣ ਤੱਕ ਦੀ ਨੌਬਤ ਵਰਗਾ ਕੁੱਝ ਨਹੀਂ ਵਾਪਰਿਆ ਸਗੋਂ ਇਕ ਕਲੋਨੀ ਕੱਟਣ ਖਾਤਰ ਫ਼ਰੀਦਕੋਟ ਪ੍ਰਸ਼ਾਸਨ ਨੇ ਪਿਛਲੇ ਕਰੀਬ ਵੀਹ ਸਾਲ ਤੋਂ ਬੰਦ ਪਈ ਫ਼ਰੀਦਕੋਟ ਦੀ ਸਹਿਕਾਰੀ ਸ਼ੂਗਰ ਮਿੱਲ ਵਿੱਚ ਖੜ੍ਹੇ ਹਜ਼ਾਰਾਂ ਰੁੱਖਾਂ ਦਾ ਕਤਲ ਕਰ ਦਿੱਤਾ ਹੈ। ਕੁੱਝ ਕੱਟੇ ਗਏ ਹਨ ਤੇ ਕੁੱਝ ਕੱਟਣੇ ਬਾਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਕੁੱਝ ਉਸ ਵੇਲੇ ਵਾਪਰ ਰਿਹਾ ਹੈ। ਜਦੋਂ ਕੋਰੋਨਾ ਦੀ ਮਾਰ ਝੱਲ ਰਹੇ ਲੱਖਾਂ ਹੀ ਲੋਕ ਆਕਸੀਜਨ ਦੀ ਘਾਟ ਨਾਲ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।

135 ਏਕੜ ਜਮੀਨ ‘ਤੇ ਉਸਰੀ ਇਹ ਸ਼ੂਗਰ ਮਿਲ 2006 ਤੋਂ ਹੈ ਬੰਦ
ਜਾਣਕਾਰੀ ਅਨੁਸਾਰ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ 135 ਏਕੜ ਜ਼ਮੀਨ ਵਿੱਚ ਬਣੀ ਇਹ ਸ਼ੂਗਰ ਮਿੱਲ ਸਾਲ 2006 ਤੋਂ ਬੰਦ ਹੈ ਅਤੇ ਸਰਕਾਰ ਨੇ ਇਸ ਥਾਂ ’ਤੇ ਪੁੱਡਾ ਕਲੋਨੀ ਵਸਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਇਸ ਸ਼ੂਗਰ ਮਿੱਲ ਨੂੰ ਮੁੜ ਲੀਹਾਂ ‘ਤੇ ਲਿਆਂਦਾ ਜਾਵੇਗਾ, ਪਰ ਕੈਪਟਨ ਸਰਕਾਰ ਆਉਣ ਤੋਂ ਤੁਰੰਤ ਬਾਅਦ ਫ਼ਰੀਦਕੋਟ ਦੀ ਸ਼ੂਗਰ ਮਿੱਲ ਦੀ ਮਸ਼ੀਨਰੀ ਭੋਗਪੁਰ ਤਬਦੀਲ ਕਰ ਦਿੱਤੀ ਗਈ। ਸ਼ੂਗਰ ਮਿੱਲ ਦੇ 135 ਏਕੜ ਦੇ ਵੱਡੇ ਘੇਰੇ ਵਾਲੇ ਜੰਗਲ ਨੂੰ ਵੀ ਪੁੱਟਣ ਦੇ ਹੁਕਮ ਦਿਤੇ ਗਏ ਹਨ। ‘ਦ ਟ੍ਰਿਬਿਊਨ ਦੀ ਖਬਰ ਅਨੁਸਾਰ ਖੰਡ ਮਿੱਲ ਦੇ ਅਧਿਕਾਰੀਆਂ ਨੇ 67 ਲੱਖ ਰੁਪਏ ਵਿੱਚ ਸ਼ੂਗਰ ਮਿੱਲ ਦੇ ਸਾਰੇ ਜੰਗਲ ਵੇਚੇ ਹਨ।

ਫਲਦਾਰ ਬੂਟਿਆਂ ਨਾਲ ਭਰਿਆ ਪਿਆ ਹੈ ਇਹ ਜੰਗਲ
ਇਸ ਜੰਗਲ ਵਿੱਚ ਇਸ ਵੇਲੇ 4 ਲੱਖ ਤੋਂ ਵੱਧ ਰੁੱਖ ਹਨ, ਜਿਹੜੇ 25 ਤੋਂ 30 ਸਾਲ ਤੱਕ ਦੀ ਆਪਣੀ ਉਮਰ ਭੋਗ ਚੁੱਕੇ ਹਨ। ਵਿਸ਼ਾਲ ਜੰਗਲ ਹੋਣ ਕਾਰਨ ਇੱਥੇ ਮੋਰ, ਤਿੱਤਰ, ਖਰਗੋਸ਼ ਅਤੇ ਹੋਰ ਦੁਰਲੱਭ ਪ੍ਰਜਾਤੀਆਂ ਦੇ ਸੈਂਕੜੇ ਪੰਛੀ ਰਹਿ ਰਹੇ ਹਨ। ਇਸ ਤੋਂ ਇਲਾਵਾ ਇਸ ਜੰਗਲ ਵਿੱਚ ਫ਼ਲਦਾਰ ਬੂਟੇ ਵੀ ਹਨ, ਜਿਨ੍ਹਾਂ ਵਿੱਚ ਅੰਬ, ਅਮਰੂਦ, ਚੀਕੂ, ਬੇਰੀਆਂ ਆਦਿ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸ਼ੂਗਰ ਮਿੱਲ ਕਾਫੀ ਸਮਾਂ ਪਹਿਲਾਂ ਵਿਕ ਚੁੱਕੀ ਸੀ ਅਤੇ ਰੁੱਖ ਪੁੱਟਣ ਦਾ ਫ਼ੈਸਲਾ ਜ਼ਿਲ੍ਹਾ ਪੱਧਰ ’ਤੇ ਨਹੀਂ, ਸਗੋਂ ਸੂਬਾ ਪੱਧਰ ਉੱਤੇ ਕੀਤਾ ਗਿਆ ਹੈ।

ਵਾਤਾਵਰਨ ਪ੍ਰੇਮੀਆਂ ਨੇ ਰੁੱਖਾਂ ਦੀ ਕਟਾਈ ਦਾ ਕੰਮ ਰੁਕਵਾਇਆ
ਜਿਕਰਯੋਗ ਹੈ ਕਿ ‘ਸੀਰ’ ਨਾਮ ਦੀ ਸੰਸਥਾ ਨੇ ਇਸਦੀ ਸੂਚਨਾ ਮਿਲਦਿਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜੰਗਲ ਨੂੰ ਪੁੱਟਣ ਦੇ ਕੀਤੇ ਜਾ ਰਹੇ ਕਾਰਜ ਨੂੰ ਰੁਕਵਾਇਆ ਹੈ। ਇਨ੍ਹਾਂ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ।

ਕਦੋਂ ਜਾਗਾਂਗੇ ਕਿ ਕੁਦਰਤ ਨੇ ਹੀ ਮਨੁੱਖ ਨੂੰ ਜਿਉਂਦਾ ਰੱਖਣਾ ਹੈ…
ਹੈਰਾਨੀ ਦੀ ਗੱਲ ਹੈ ਕਿ ਅਕਸਰ ਸਰਕਾਰ ਬੰਦ ਪਈਆਂ ਸਰਕਾਰੀ ਥਾਵਾਂ ਉੱਤੇ ਉੱਗੇ ਦਰਖਤਾਂ ਬੂਟਿਆਂ ਤੇ ਆਰਾ ਚਲਵਾ ਦਿੰਦੀ ਹੈ। ਤਕਰ ਇਹ ਦਿੱਤਾ ਜਾਂਦਾ ਹੈ ਕਿ ਇਹ ਥਾਂ ਵਰਤੋਂ ਵਿਚ ਨਹੀਂ ਹੈ ਤੇ ਇੱਥੇ ਕੁੱਝ ਹੋਰ ਕੰਮਕਾਜ ਕੀਤਾ ਜਾਵੇਗਾ। ਪਰ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਕੁਦਰਤ ਨੂੰ ਕਿਸੇ ਦਫਤਰ ਜਾਂ ਸਰਕਾਰੀ ਥਾਂ ਜਮੀਨ ਨਾਲ ਕੁੱਝ ਲੈਣਾ ਦੇਣਾ ਨਹੀਂ ਹੁੰਦਾ। ਕੁਦਰਤ ਫਾਇਦਾ ਹੀ ਕਰਦੀ ਹੈ, ਨੁਕਸਾਨ ਨਹੀਂ। ਆਕਸੀਜਨ ਜਿਹੜੀ ਅੱਜ ਸਿਲੰਡਰਾਂ ਵਿਚ ਭਰੀ ਹੋਈ ਲੈਣ ਲਈ ਠੋਕਰਾਂ ਖਾਣੀਆਂ ਪੈ ਰਹੀਆਂ ਹਨ, ਉਹ ਇਨ੍ਹਾਂ ਰੁੱਖਾਂ ਤੋਂ ਹੀ ਪ੍ਰੋਸੈਸ ਹੋ ਕੇ ਮਿਲਦੀ ਹੈ। ਵੱਡੇ ਹਾਈਵੇ ਸਾਡੀ ਸੁੱਖ ਸਹੂਲਤ ਲਈ ਰੋਜ ਘੜੇ ਜਾ ਰਹੇ ਹਨ। ਰੋਜਾਨਾਂ ਲੱਖਾਂ ਬੂਟੇ ਬਲੀ ਚੜ੍ਹਦੇ ਹਨ। ਇੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਵਾਤਾਵਰਣ ਦੇ ਨੇੜੇ ਰਹਿ ਕੇ ਯੋਜਨਾ ਵਿੰਢੀ ਜਾਵੇ। ਫੁੱਲ ਬੂਟੇ ਕੱਟ ਕੇ ਲੱਖ ਲੰਬੀਆਂ ਸੜਕਾਂ ਹਾਈਏ ਘੜ ਲਈਏ, ਮਨੁੱਖ ਨੂੰ ਕੁਦਰਤ ਨੇ ਹੀ ਜਿਉਂਦਾ ਰੱਖਣਾ ਹੈ…ਇਹ ਕਿਤੇ ਭੁੱਲ ਨਾ ਜਾਈਏ।