India Punjab

21 ਫਰਵਰੀ ਨੂੰ ਖੇਤੀ ਕਾਨੂੰਨਾਂ ਵਿਰੁੱਧ ਨਿਕਲੇਗੀ ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ

‘ਦ ਖ਼ਾਲਸ ਬਿਊਰੋ :- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਬਰਨਾਲਾ ਵਿੱਚ ਖੇਤੀ ਕਾਨੂੰਨਾਂ ਵਿਰੁੱਧ 21 ਫਰਵਰੀ ਨੂੰ ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਰੈਲੀ ਵਿੱਚ ਇਕੱਠ ਦੀ ਗਿਣਤੀ ਦੋ ਲੱਖ ਤੋਂ ਵੱਧ ਵਧਾਉਣ ਦਾ ਟੀਚਾ ਰੱਖਿਆ ਹੈ। ਕੁੱਲ 2 ਲੱਖ ਦੇ ਟੀਚੇ ਵਿੱਚੋਂ ਕਿਸਾਨ ਅਤੇ ਖੇਤ-ਮਜ਼ਦੂਰ ਔਰਤਾਂ ਦੀ ਗਿਣਤੀ ਦਾ ਟੀਚਾ 70-80 ਹਜ਼ਾਰ ਦਾ ਰੱਖਿਆ ਗਿਆ ਹੈ। ਜਦਕਿ ਕਿਸਾਨ ਅਤੇ ਖੇਤ-ਮਜ਼ਦੂਰ ਮਰਦਾਂ ਦੀ ਸ਼ਮੂਲੀਅਤ ਦਾ ਟੀਚਾ 1 ਲੱਖ 25 ਹਜ਼ਾਰ ਰੱਖਿਆ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਇਸ ਰੈਲੀ ਨੂੰ ਉਕਤ ਜਥੇਬੰਦੀਆਂ ਦੇ ਲੀਡਰਾਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਲੀਡਰ ਵੀ ਸੰਬੋਧਨ ਕਰਨਗੇ।

ਇਸ ਰੈਲੀ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਇੱਕ ਪਾਸੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਇਕਜੁੱਟਤਾ ਨੂੰ ਹੋਰ ਉੱਚਾ ਲਿਜਾਣ ਲਈ ਮੀਲ ਪੱਥਰ ਬਣੇਗੀ, ਉੱਥੇ ਹੀ ਮੁੱਖ ਤੌਰ ’ਤੇ ਮੁਲਕ ਦੀ ਕਿਸਾਨੀ ਦੇ ਘੋਲ ਵਿੱਚ ਖੇਤ-ਮਜ਼ਦੂਰ ਵਰਗ ਦੀ ਜਥੇਬੰਦਕ ਸ਼ਮੂਲੀਅਤ ਨੂੰ ਹਕੀਕੀ ਰੂਪ ਦੇ ਕੇ ਘੇਰੇ ਦਾ ਪਸਾਰਾ ਕਰਨ ਦਾ ਸਾਧਨ ਬਣੇਗੀ।

ਇਸ ਰੈਲੀ ਵਿੱਚ ਕਾਲੇ ਕਾਨੂੰਨਾਂ ਦੀ ਵਾਪਸੀ ਸਮੇਤ ਉੱਭਰੀਆਂ ਕਿਸਾਨੀ ਦੀਆਂ ਮੰਗਾਂ ਨੂੰ ਉਭਾਰਨ ਤੋਂ ਇਲਾਵਾ ਇਹਨਾਂ ਕਾਨੂੰਨਾਂ ਦੇ ਖੇਤ-ਮਜ਼ਦੂਰਾਂ ਅਤੇ ਬੇ-ਜ਼ਮੀਨੇ ਕਿਸਾਨਾਂ ’ਤੇ ਪੈਣ ਵਾਲੇ ਅਸਰਾਂ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਜਾਵੇਗਾ। ਇਸ ਰੈਲੀ ਵਿੱਚ ਕਿਸਾਨ ਘੋਲ ਦੇ ਮੁਲਕ-ਵਿਆਪੀ ਉਭਾਰ ਨੂੰ ਮਾਤ ਦੇਣ ਲਈ ਕੇਂਦਰ ਸਰਕਾਰ ਵੱਲੋਂ ਵਰਤੇ ਗਏ ਫਾਸੀ ਹੱਥਕੰਡਿਆਂ, ਜ਼ਾਬਰ ਤੇ ਸਾਜਿਸ਼ੀ ਕਦਮਾਂ ਦਾ ਭਾਂਡਾ ਭੰਨਿਆ ਜਾਵੇਗਾ।