Punjab

ਮਾਨਸਾ ‘ਚ ਕਿਸਾਨਾਂ ਦਾ ਜ਼ੋਰਦਾਰ ਧਰਨਾ ਲਗਾਤਾਰ ਜਾਰੀ, ਥਰਮਲ ਪਲਾਂਟ ਅਤੇ ਰਿਲਾਇੰਸ ਪੰਪ ਵੀ ਘੇਰੇ

‘ਦ ਖ਼ਾਲਸ ਬਿਊਰੋ:- ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ਼ 31 ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਇਸਦੇ ਨਾਲ ਹੀ ਕਿਸਾਨਾਂ ਨੇ ਥਰਮਲ ਪਲਾਂਟ ਅਤੇ ਰਿਲਾਇੰਸ ਪੰਪ ਵੀ ਘੇਰੇ ਹੋਏ ਹਨ।

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰੇਲ ਚੱਕਾ ਜਾਮ ਵਿੱਚ ਢਿੱਲ ਦੇਣ ਦੀ ਅਪੀਲ ਨੂੰ ਨਕਾਰਦਿਆਂ ਇਸਨੂੰ ਡਰਾਮਾ ਕਰਾਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਇਹ ਅਪੀਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰ ਰਹੀ ਹੈ ਪਰ ਅਸੀਂ ਅਪੀਲ ਨਹੀਂ ਮੰਨਾਂਗੇ।  ਕਿਸਾਨਾਂ ਨੇ ਮੰਗ ਕੀਤੀ ਕਿ ਜਾਂ ਤਾਂ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲਏ ਅਤੇ ਰੱਦ ਕਰੇ।

ਕਿਸਾਨਾਂ ਨੇ ਕਿਹਾ ਕਿ ਅਸੀਂ 1 ਅਕਤੂਬਰ ਤੋਂ ਰੇਲਾਂ ਦਾ ਚੱਕਾ ਜਾਮ ਕਰਕੇ ਬੈਠੇ ਹਾਂ ਅਤੇ ਸਾਨੂੰ ਪਤਾ ਹੈ ਕਿ ਮੁਸ਼ਕਿਲਾਂ ਆਉਣਗੀਆਂ।  ਲਾਕਡਾਊਨ ਸਮੇਂ ਰੇਲ ਆਵਾਜਾਈ ਬੰਦ ਹੋਣ ‘ਤੇ ਕੋਲੇ ਦੀ ਕੋਈ ਸਮੱਸਿਆ ਨਹੀਂ ਆਈ ਅਤੇ ਕੇਂਦਰ ਸਰਕਾਰ ਅਤੇ  ਪੰਜਾਬ ਸਰਕਾਰ ਇਸ ਪ੍ਰਕਾਰ ਦਾ ਡਰਾਮਾ ਕਰਨਗੀਆਂ, ਲੋਕਾਂ ਨੂੰ ਡਰਾਉਣਗੀਆਂ, ਧਮਕਾਉਣਗੀਆਂ ਪਰ ਅਸੀਂ ਖੇਤੀ ਕਾਨੂੰਨ ਦੇ ਰੱਦ ਹੋਣ ਤੱਕ ਧਰਨਾ ਨਹੀਂ ਚੁੱਕਾਂਗੇ।  ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਾ ਹੀ ਖਾਦ, ਨਾ ਹੀ ਬਿਜਲੀ ਦੀ ਚਿੰਤਾ ਹੈ, ਉਨ੍ਹਾਂ ਨੂੰ ਆਪਣੀ ਜ਼ਮੀਨ ਬਚਾਉਣ ਦੀ ਚਿੰਤਾ ਹੈ। ਇਸ ਲਈ ਸਾਡਾ ਸੰਘਰਸ਼ ਜਾਰੀ ਰਹੇਗਾ।