International

ਆਸਟ੍ਰੇਲੀਆ ਦੇ ਇਸ ਇਲਾਕੇ ‘ਚ ਮੁੜ ਤੋਂ ਲਾਕਡਾਊਨ, ਸੰਸਦ ਮੈਂਬਰ ਡੇਨੀਅਲ ਐਂਡਰਿਊ ਨੇ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ:- ਆਸਟ੍ਰੇਲੀਆ ਦੇ ਸੰਸਦ ਮੈਂਬਰ ਡੈਨੀਅਲ ਐਂਡਰਿਊ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਪਿਛਲੇ ਕੁੱਝ ਹਫਤਿਆਂ ਤੋਂ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘੱਟ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ ਪਰ ਐਪੀਡੈਮੀਓਲੋਜੀਕਲ ਮਾਡਲਿੰਗ ਅਨੁਸਾਰ ਅਜੇ ਵੀ ਕੋਰੋਨਾ ਕੇਸਾਂ ਦੀ ਗਿਣਤੀ ਘੱਟ ਕਰਨ ‘ਚ ਕਈ ਮਹੀਨੇ ਲੱਗ ਸਕਦੇ ਹਨ। ਇਸ ਲਈ ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਇੰਨੇ ਸਮੇਂ ਤੱਕ ਲੋਕਾਂ ਨੂੰ ਨਾਜ਼ੁਕ ਹਾਲਾਤਾਂ ਵਿੱਚ ਰਹਿਣਾ ਪੈ ਸਕਦਾ ਹੈ।

ਉਨ੍ਹਾਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਅਸਟ੍ਰੇਲੀਆ ਵਿੱਚ ਜ਼ਿਆਦਾ ਵਿਕਟੋਰੀਆ ਲੋਕ ਕੋਰੋਨਾਵਾਇਰਸ ਦੇ ਇਲਾਜ਼ ਲਈ ਹਸਪਤਾਲਾਂ ਦੇ ਬੈੱਡਾਂ ‘ਤੇ ਹਨ ਅਤੇ ਕਈ ਵਿਕਟੋਰੀਅਨ ਤਾਂ ਮੌਤ ਦੇ ਕਰੀਬ ਆ ਗਏ ਹਨ, ਜਿੰਨ੍ਹਾਂ ਨੂੰ ਬਚਾਉਣਾ ਮੁਸ਼ਕਲ ਹੋ ਗਿਆ ਹੈ। ਇਸ ਤਰ੍ਹਾਂ ਦੀ ਸਥਿਤੀ ਨੂੰ ਰੋਕਣ ਲਈ ਸਖ਼ਤ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ।

ਡੈਨੀਅਲ 02 ਅਗਸਤ ਸ਼ਾਮ 6 ਵਜੇ ਤੋਂ ਵਿਕਟੋਰੀਆ ਵਿੱਚ ਇੱਕ ਤਰੀਕੇ ਨਾਲ ਲਾਕਡਾਊਨ ਲਾਇਆ ਜਾਵੇਗਾ ਅਤੇ ਵਿਕਟੋਰੀਆ ਪੁਲਿਸ ਨੂੰ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਜਨਤਕ ਸਿਹਤ ਦਿਸ਼ਾਵਾਂ ਦੀ ਪਾਲਣਾ ਕਰਵਾਉਣਾ ਯਕੀਨੀ ਬਣਾਉਣ।

ਅੱਜ ਸ਼ਾਮ 6 ਵਜੇ ਤੋਂ ਮੈਲਬੌਰਨ ਵੀ ਸ਼ਹਿਰ ਵਿੱਚ ਲੋਕਾਂ ਦੀ ਆਵਾਜਾਈ ਨੂੰ ਸੀਮਤ ਕਰਨ ਲਈ ਸਟੇਜ 4 ਦੀਆਂ ਪਾਬੰਦੀਆਂ ਤਹਿਤ ਮਜ਼ਬੂਤ ਨਿਯਮਾਂ ਨੂੰ ਲਾਗੂ ਕਰੇਗਾ। ਇਸ ਲਈ ਅੱਜ ਸ਼ਾਮ 8 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਲਗਾਇਆ ਜਾਵੇਗਾ। ਇਸ ਕਰਫਿਊ ਵਿੱਚ ਕੇਵਲ ਸਿਹਤ ਸਬੰਧੀ ਸਹੂਲਤਾਵਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਕਰਫਿਊ ਵਿੱਚ ਦੋ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਅਤੇ ਘਰ ਦੇ ਜ਼ਰੂਰੀ ਸਮਾਨ ਦੀ ਖਰੀਦਾਰੀ ਕਰਨ ਲਈ ਪਰਿਵਾਰ ਦਾ ਇੱਕ ਮੈਂਬਰ ਹੀ ਕਿਸੇ ਦੁਕਾਨ ‘ਤੇ ਜਾ ਸਕਦਾ ਹੈ। ਲੋਕਾਂ ਨੂੰ ਆਪਣੇ ਘਰ ਦੇ 5 ਕਿਲੋਮੀਟਰ ਦੇ ਘੇਰੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ।

ਉਨ੍ਹਾਂ ਕਰਫਿਊ ਵਿੱਚ ਢਿੱਲ ਦਿੰਦਿਆਂ ਕਿਹਾ ਕਿ ਸੁਪਰਮਾਰਕਿਟ ਖੁੱਲ੍ਹੇ ਰਹਿਣਗੇ, ਇਸ ਲਈ ਲੋਕਾਂ ਨੂੰ ਇੱਕੋ ਸਮੇਂ ਆਪਣੇ ਘਰਾਂ ਲਈ ਸਟਾਕ ਜਮ੍ਹਾਂ ਕਰਨ ਦੀ ਲੋੜ ਨਹੀਂ ਹੈ । ਉਨ੍ਹਾਂ ਕਿਹਾ ਕਿ ਰੈਸਟੋਰੈਂਟ ਅਤੇ ਕੈਫੇ ਲੋਕਾਂ ਨੂੰ ਸਮਾਨ ਡਿਲਿਵਰ ਕਰ ਸਕਦੇ ਹਨ । ਇਸ ਤੋਂ ਇਲਾਵਾ ਨਿੱਜੀ ਸੇਵਾਵਾਂ, ਮਨੋਰੰਜਨ ਅਤੇ ਸਭਿਆਚਾਰਕ ਸਥਾਨਾਂ ਨੂੰ ਬੰਦ ਕੀਤਾ ਜਾਵੇਗਾ। ਇਸਦੇ ਨਾਲ ਹੀ ਕਮਿਊਨਿਟੀ ਖੇਡਾਂ ਨੂੰ ਵੀ ਰੋਕਿਆ ਜਾਵੇਗਾ।

ਉਨ੍ਹਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਿਹਾ ਕਿ ਜਿਹੜੇ ਵਿਦਿਆਰਥੀ ਇਸ ਸਮੇਂ ਆਨਲਾਈਨ ਪੜ੍ਹਾਈ ਕਰਦੇ ਹਨ, ਉਹ ਸੋਮਵਾਰ ਨੂੰ ਸਕੂਲ ਜਾ ਸਕਦੇ ਹਨ ਅਤੇ ਬੁੱਧਵਾਰ ਤੋਂ ਫਿਰ ਉਹ ਘਰ ਤੋਂ ਹੀ ਪੜ੍ਹਾਈ ਕਰਨਗੇ। ਇਨ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਨਿਗਰਾਨੀ ਦੁਬਾਰਾ ਤੋਂ ਉਪਲਬਧ ਕਰਵਾਈ ਜਾਵੇਗੀ। ਮੈਲਬੌਰਨ ਦੇ ਕਿੰਡਰ ਅਤੇ ਬਚਪਨ ਦੀਆਂ ਸ਼ੁਰੂਆਤੀ ਸਿੱਖਿਆ ਸੇਵਾਵਾਂ ‘ਤੇ ਵੀ ਇਹੀ ਨਿਯਮ ਲਾਗੂ ਹੋਣਗੇ। ਇਹ ਬਦਲਾਅ 13 ਸਤੰਬਰ ਤੱਕ ਘੱਟੋ-ਘੱਟ ਅਗਲੇ ਛੇ ਹਫ਼ਤਿਆਂ ਲਈ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਕਾਫ਼ੀ ਮੁਸ਼ਕਿਲ ਸਮਾਂ ਹੈ ਜਦੋਂ ਇਹੋ ਜਿਹੇ ਨਿਯਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਪਰ ਅਸੀਂ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਕੇ ਕੋਰੋਨਾਵਾਇਰਸ ਤੋਂ ਬਚਾਅ ਲਈ ਉਪਰਾਲਾ ਕਰ ਰਹੇ ਹਾਂ। ਜੇਕਰ ਇਸ ਤੋਂ ਬਚਾਅ ਦੇ ਹੱਲ ਸੌਖੇ ਹੁੰਦੇ ਤਾਂ ਪੂਰਾ ਵਿਸ਼ਵ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰ ਚੁੱਕਾ ਹੁੰਦਾ। ਉਨ੍ਹਾਂ ਨੇ ਪੂਰੇ ਵਿਕਟੋਰੀਆ ਨੂੰ ਇਸ ਉਪਰਾਲੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ।