India Punjab

ਫੇਸਬੁੱਕ ਨੇ ‘ਕਿਸਾਨ ਏਕਤਾ ਮੋਰਚਾ’ ਦਾ ਪੇਜ ਕੀਤਾ ਡਿਲੀਟ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਾ ਪੇਚ ਫਸਿਆ ਹੋਇਆ ਹੈ। ਇੱਕ ਪਾਸੇ ਕਿਸਾਨ ਹੱਢ ਚੀਰਵੀਂ ਠੰਢ ਦੇ ਬਾਵਜੂਦ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ ਤੇ ਦੂਜੇ ਪਾਸੇ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਕੁਚਲਣ ਦੇ ਹਰ ਸੰਭਵ ਯਤਨ ਕਰ ਰਹੀ ਹੈ। ਨੈਸ਼ਨਲ ਮੀਡੀਆ ਤਾਂ ਪਹਿਲਾਂ ਹੀ ਕਿਸੇ ਦੀ ਗੱਲ ਨਹੀਂ ਸੁਣਦਾ, ਇਸੇ ਲਈ ਕਿਸਾਨਾਂ ਨੇ ਆਪਣਾ IT ਸੈਲ ਬਣਾਇਆ, ਪਰ ਲੱਗਦਾ ਹੈ ਕਿਸਾਨਾਂ ਨੂੰ ਡਿਜੀਟਲ ਦੁਨੀਆ ਵਿੱਚ ਵੀ ਆਪਣੀ ਗੱਲ ਕਹਿਣ ਦੀ ਇਜਾਜ਼ਤ ਨਹੀਂ।

ਦਰਅਸਲ ਕਿਸਾਨ ਜਥੇਬੰਦੀਆਂ ਪ੍ਰੈਸ ਕਾਨਫਰੰਸ ਕਰ ਰਹੀਆਂ ਸਨ ਕਿ ਉਨ੍ਹਾਂ ਦਾ ਫੇਸਬੁੱਕ ਪੇਜ ਡਿਲੀਟ ਹੋ ਗਿਆ। ‘ਕਿਸਾਨ ਏਕਤਾ ਮੋਰਚਾ’ ਨਾਂ ਹੇਠ ਕਿਸਾਨਾਂ ਦਾ ਫੇਸਬੁੱਕ ਪੇਜ ਡਿਲੀਟ ਕਰ ਦਿੱਤਾ ਗਿਆ ਹੈ।

ਕਿਸਾਨ ਜਥੇਬੰਦੀਆਂ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਕਿਸਾਨਾਂ ਦਾ ਇਹ ਪੇਜ ਕਿਉਂ ਡਿਲੀਟ ਕੀਤਾ ਗਿਆ। ਹਾਲਾਂਕਿ ਫੇਸਬੁੱਕ ਵੱਲੋਂ ਇੱਕ ਨੋਟਿਸ ਆ ਰਿਹਾ ਹੈ ਕਿ ਕਮਿਊਨਿਟੀ ਸਟੈਂਡਰਡ ਦੇ ਖ਼ਿਲਾਫ਼ ਹੋਣ ਕਰਕੇ ਇਹ ਪੇਜ ਡਿਲੀਟ ਕੀਤਾ ਗਿਆ ਹੈ।

ਦੱਸ ਦੇਈਏ ‘ਕਿਸਾਨ ਏਕਤਾ ਮੋਰਚਾ’ ਦੇ ਫੇਸਬੁੱਕ ਪੇਜ ਨੂੰ 90 ਹਜ਼ਾਰ ਤੋਂ ਵੱਧ ਲੋਕ ਫੌਲੋ ਕਰ ਰਹੇ ਸਨ।