International

ਕੀ ਭਾਰਤੀ ਹੋਣ ਲਈ ‘ਹਿੰਦੀ’ ਜਾਣਨਾ ਜ਼ਰੂਰੀ ਹੈ ? : ਸੰਸਦ ਮੈਂਬਰ ਕਨੀਮੋਜ਼ੀ

‘ਦ ਖ਼ਾਲਸ ਬਿਊਰੋ :- ਚੇਨੱਈ ਦੀ DMK ਦੀ ਸੰਸਦ ਮੈਂਬਰ ਕਨੀਮੋਜ਼ੀ ਨੇ CISF ਅਫ਼ਸਰ ‘ਤੇ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਦੋਸ਼ ਲਗਾਇਆ ਹੈ। ਦਰਅਸਲ ਅਫ਼ਸਰ ਨੇ ਕਨੀਮੋਜ਼ੀ ਇਹ ਸਵਾਲ ਕੀਤਾ ਕਿ, ‘ਕੀ ਉਹ ਭਾਰਤੀ ਹਨ, ਕਿਉਂਕਿ ਉਹ ਹਿੰਦੀ ਨਹੀਂ ਬੋਲ ਸਕਦੀ।

ਕਨੀਮੋਜ਼ੀ ਨੇ ਇਸ ਗੱਲ ਪੁਸ਼ਟੀ ਆਪਣੇ ਟਵੀਟਰ ਅਕਾਂਉਟ ਰਾਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦਿੱਲੀ ਜਾਣ ਲਈ ਉਡਾਣ ਫੜਨ ਵਾਸਤੇ ਚੇਨੱਈ ਦੇ ਕੌਮਾਂਤਰੀ ਹਵਾਈ ਅੱਡੇ ਪਹੁੰਚੀ ਤਾਂ CISF ਦੇ ਇੱਕ ਅਧਿਕਾਰੀ ਮੈਨੂੰ ਕਿਹਾ ਕਿ ਮੈਂ ਤਾਮਿਲ ਜਾਂ ਅੰਗਰੇਜ਼ੀ ’ਚ ਗੱਲ ਕਰਾਂ, ਕਿਉਂਕਿ ਮੈਂ ਹਿੰਦੀ ਨਹੀਂ ਜਾਣਦੀ। ਤਾਂ ਉਨ੍ਹਾਂ ਮੈਨੂੰ ਸਵਾਲ ਕੀਤਾ ਕਿ, ‘ਕੀ ਮੈਂ ਭਾਰਤੀ ਹਾਂ’। ਸੰਸਦ ਮੈਂਬਰ ਨੇ ਲਿਖਿਆ, ‘ਮੈਂ ਜਾਣਨਾ ਚਾਹੁੰਦੀ ਹਾਂ ਕਿ ਕਦੋਂ ਤੋਂ ਭਾਰਤੀ ਹੋਣਾ ਹਿੰਦੀ ਜਾਣਨ ਦੇ ਬਰਾਬਰ ਹੋ ਗਿਆ ਹੈ। ਮਤਲਬ ਕਿ ਭਾਰਤੀ ਹੋਣ ਲਈ ਹਿੰਦੀ ਜਾਣਨਾ ਜ਼ਰੂਰੀ ਹੈ? #HindiImposition।’

DMK ਦੇ ਮਹਿਲਾ ਵਿੰਗ ਦੀ ਸਕੱਤਰ ਵੱਲੋਂ ਟਵੀਟਰ ‘ਤੇ ਪੋਸਟ ਕੀਤੇ ਇਸ ਟਵੀਟ ‘ਤੇ ਕਈ ਲੋਕਾਂ ਨੇ ਹਮਾਇਤ ਕੀਤੀ ਹੈ। ਇੱਕ ਨੇ ਲਿਖਿਆ, ‘ਮੈਂ ਭਾਰਤੀ ਹਾਂ ਤੇ ਹਿੰਦੀ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਦੂਜੇ ਪਾਸੇ ਕੇਂਦਰੀ ਇੰਡਸਟਰੀਅਲ ਸਕਿਉਰਿਟੀ ਫੋਰਸ (CISF) ਨੇ ਕਨੀਮੋਜ਼ੀ ਨੂੰ ਟਵੀਟ ਕਰਕੇ ਅਫਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਤੋਂ ਇਸ ਘਟਨਾ ਸਬੰਧੀ ਵੇਰਵੇ ਮੰਗੇ ਹਨ ਤਾਂ ਜੋ ਸਬੰਧਤ ਅਫ਼ਸਰ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।