India Punjab

ਕੱਲ ਭਾਰਤ ਬੰਦ ਹੈ, ਕਿਸਾਨ ਲੀਡਰਾਂ ਦੀ ਹੱਥ ਬੰਨ੍ਹ ਕੇ ਤੁਹਾਨੂੰ ਸਭ ਨੂੰ ਅਪੀਲ, ਕੀ ਤੁਸੀਂ ਮੰਨੋਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਕੱਲ੍ਹ ਭਾਰਤ ਬੰਦ ਰਹੇਗਾ। ਕੱਲ੍ਹ ਦੇ ਭਾਰਤ ਬੰਦ ਨੂੰ ਦੇਸ਼ ਭਰ ਦੀਆਂ ਕਈ ਜਥੇਬੰਦੀਆਂ ਨੇ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਨੂੰ ਟਰਾਂਸਪੋਟਰਾਂ ਦੀਆਂ ਕੌਮੀ ਜਥੇਬੰਦੀਆਂ ਸਮੇਤ ਟਰੇਡ ਯੂਨੀਅਨਾਂ ਅਤੇ ਵਪਾਰਕ ਸੰਸਥਾਵਾਂ ਦਾ ਵੀ ਸਮਰਥਨ ਹਾਸਲ ਹੋ ਚੁੱਕਾ ਹੈ। ਇਸ ਲਈ ਭਾਰਤ ਬੰਦ ਦਾ ਅਸਰ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲੇਗਾ।

ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ‘ਕੱਲ੍ਹ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ, ਸਾਰੇ ਸੜਕ ਅਤੇ ਰੇਲ ਆਵਾਜਾਈ, ਸਾਰੇ ਬਾਜ਼ਾਰਾਂ ਅਤੇ ਹੋਰ ਜਨਤਕ ਥਾਂਵਾਂ ਨੂੰ ਦੇਸ਼ ਭਰ ਵਿੱਚ ਬੰਦ ਕੀਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਸੂਬਿਆਂ ਵਿੱਚ ਭਾਰਤ ਬੰਦ ਨਹੀਂ ਹੋਵੇਗਾ, ਜਿਨ੍ਹਾਂ ਸੂਬਿਆਂ ਵਿੱਚ ਵੋਟਾਂ ਪੈਣ ਜਾ ਰਹੀਆਂ ਹਨ। ਬੰਗਾਲ, ਤਾਮਿਲਨਾਡੂ, ਕੇਰਲਾ, ਪੁੱਡੂਚੇਰੀ ਅਤੇ ਆਸਾਮ ਵਿੱਚ ਭਾਰਤ ਬੰਦ ਦਾ ਅਸਰ ਵੇਖਣ ਨੂੰ ਨਹੀਂ ਮਿਲੇਗਾ। ਕਿਸਾਨ ਲੀਡਰਾਂ ਨੇ ਦੇਸ਼ ਦੇ ਲੋਕਾਂ ਨੂੰ ਇਸ ਭਾਰਤ ਬੰਦ ਨੂੰ ਸਫਲ ਬਣਾਉਣ ਅਤੇ ਦੇਸ਼ ਦੇ ਅੰਨਦਾਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਰ ਲਈ ਹੈ ਪੂਰੀ ਤਿਆਰੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੱਲ੍ਹ ਭਾਰਤ ਬੰਦ ਨੂੰ ਸਫਲ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਜਥੇਬੰਦੀ ਦੇ ਸਾਰੇ ਵਰਕਰਾਂ ਦੀ ਜ਼ਿਲ੍ਹਾ ਪੱਧਰ ‘ਤੇ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 11 ਜ਼ਿਲ੍ਹਿਆਂ ਵਿੱਚ 151 ਥਾਂਵਾਂ ‘ਤੇ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇਗਾ, ਉਸ ਵਿੱਚੋਂ 26 ਥਾਂਵਾਂ ‘ਤੇ ਰੇਲ ਮਾਰਗ ਜਾਮ ਕੀਤੇ ਜਾਣਗੇ ਅਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਕੱਲ੍ਹ ਭਾਰਤ ਬੰਦ ਵਿੱਚ ਸਹਿਯੋਗ ਦੇਣ ਲਈ ਲੱਖਾਂ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਪੰਧੇਰ ਨੇ ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ, ਰੇਹੜੀ ਵਾਲਿਆਂ ਨੂੰ, ਸਾਰੇ ਕਾਰੋਬਾਰੀਆਂ, ਟਰਾਂਸਪੋਰਟਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਪੰਧੇਰ ਨੇ ਮੋਦੀ ਸਰਕਾਰ ਵੱਲੋਂ ਐੱਫਸੀਆਈ ਨੂੰ ਖਤਮ ਕਰਨ ਦੀ ਨਿੰਦਾ ਕੀਤੀ। ਕਰੋਨਾ ਦੀ ਆੜ ਵਿੱਚ ਜੋ ਕੁੱਝ ਵੀ ਕੀਤਾ ਜਾ ਰਿਹਾ ਹੈ, ਉਸਨੂੰ ਸਫਲ ਨਹੀਂ ਹੋਣ ਦਿਆਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੱਲ੍ਹ ਦੇ ਭਾਰਤ ਬੰਦ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਮਾਰਚ ਕੱਢਿਆ ਗਿਆ। ਜਥੇਬੰਦੀ ਨੇ ਸਾਰੇ ਕਾਰੋਬਾਰੀਆਂ ਅਤੇ ਹੋਰ ਲੋਕਾਂ ਨੂੰ ਦੁਕਾਨਾਂ ਅਤੇ ਬਾਕੀ ਅਦਾਰੇ 12 ਘੰਟੇ ਬੰਦ ਰੱਖਣ ਦੀ ਅਪੀਲ ਕੀਤੀ ਹੈ।

ਕੱਲ ਦਾ ਭਾਰਤ ਬੰਦ ਪਹਿਲਾਂ ਨਾਲੋਂ ਵਿਲੱਖਣ ਹੋਵੇਗਾ, ਸਰਕਾਰ ਹਿੱਲ ਜਾਊਗੀ – ਰੁਲਦੂ ਸਿੰਘ

ਚੰਡੀਗੜ੍ਹ ਪਹੁੰਚੇ ਕਿਸਾਨਾ ਲੀਡਰ ਰੁਲਦੂ ਸਿੰਘ ਮਾਨਸਾ ਨੇ 26 ਮਾਰਚ ਨੂੰ ਭਾਰਤ ਬੰਦ ਬਾਰੇ ਬੋਲਦਿਆਂ ਕਿਹਾ ਕਿ ਇਹ ਪਹਿਲੇ ਭਾਰਤ ਬੰਦ ਨਾਲੋਂ ਅਲੱਗ ਹੋਵੇਗਾ। ਇਸ ਵਿੱਚ ਦੇਸ਼ ਦੀਆਂ ਕਈ ਹੋਰ ਜਥੇਬੰਦੀਆਂ ਵੀ ਕਿਸਾਨਾਂ ਦਾ ਸਾਥ ਦੇਣਗੀਆਂ। ਉਨ੍ਹਾਂ ਕਿਹਾ ਕਿ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ 12 ਘੰਟੇ ਲਈ ਭਾਰਤ ਬੰਦ ਹੋਵੇਗਾ। ਕੱਲ੍ਹ ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਆਵਾਜਾਈ ਵੀ ਬੰਦ ਰਹੇਗੀ।

ਸਿਆਸੀ ਪਾਰਟੀਆਂ ਬਾਰੇ ਬੋਲਦਿਆਂ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਨੀ ਹੈ ਤੇ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੈ। ਭਾਵੇਂ ਉਹ ਬਾਦਲ ਹੋਣ, ਕੇਜਰੀਵਾਲ ਜਾਂ ਕੈਪਟਨ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿੱਧਾ ਵਿਰੋਧ ਭਾਜਪਾ ਨਾਲ ਹੈ ਅਤੇ ਉਹ ਸਾਰਿਆਂ ਨੂੰ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਕੱਲਾ ਭਾਜਪਾ ਦਾ ਹੀ ਡਟ ਕੇ ਵਿਰੋਧ ਕਰਨਾ ਹੈ ਅਤੇ ਹਰ ਕਿਸੇ ਸਿਆਸੀ ਪਾਰਟੀ ਦਾ ਨਾਂਅ ਲੈ ਕੇ ਵਿਰੋਧ ਨਹੀਂ ਕਰਨਾ।

ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ ਉਨ੍ਹਾਂ ਕੋਲ ਹੁਣ ਤਿੰਨ ਰਾਹ ਹਨ। ਪਹਿਲਾ ਅੰਦੋਲਨ ਨੂੰ ਲੰਬਾ ਖਿੱਚ ਸਕਦੇ ਹਨ। ਦੂਜਾ ਸਰਕਾਰ ਨਾਲ ਕੋਈ ਅਟਾ-ਸਟਾ ਕਰ ਲੈਣ ਅਤੇ ਤੀਸਰਾ ਪਿੰਡਾਂ ‘ਚ ਡਾਂਗਾਂ ਲੈ ਕੇ ਬੈਠ ਜਾਈਏ ਅਤੇ ਜੇ ਕੋਈ ਬਿਜਲੀ ਕੁਨੈਕਸ਼ਨ ਕੱਟੇ ਜਾਂ ਪਿੰਡਾਂ ‘ਚ ਵੜੇ ਤਾਂ ਅਸੀਂ ਦੇਖਲਾਂਗੇ।

ਸਾਡਾ ਧਿਆਨ ਕਾਨੂੰਨ ਰੱਦ ਕਰਨ ਵੱਲ ਹੈ। ਅਸੀਂ ਕੋਈ ਨਹੀਂ ਸੋਚਾਂਗੇ ਕਿ ਪੰਜਾਬ ਵਿੱਚ ਕੀ ਰਾਜਨੀਤੀ ਚੱਲ ਰਹੀ ਹੈ। ਰਸਤਾ ਦੋ ਧਿਰਾਂ ਨਾਲ ਨਿਕਲਦਾ ਹੁੰਦਾ ਹੈ, ਇੱਕ ਰਸਤਾ ਸਰਕਾਰ ਕੱਢਦੀ ਹੁੰਦੀ ਹੈ ਪਰ ਅਸੀਂ ਤਾਂ ਦੋਵੇਂ ਧਿਰਾਂ ਹੀ ਪਿੱਛੇ ਹਟਣ ਨੂੰ ਤਿਆਰ ਨਹੀਂ ਹਾਂ। ਅਸੀਂ ਕਹਿੰਦੇ ਹਾਂ ਕਿ ਆੜ੍ਹਤੀਆਂ ਦੇ ਖਾਤਿਆਂ ਵਿੱਚ ਸਾਡੇ ਪੈਸੇ ਜਾਣ, ਆੜ੍ਹਤੀਏ ਸਾਡੇ ਬੈਂਕ ਹਨ, ਸਾਡੇ ਪੈਸੇ ਕਿਧਰੇ ਨਹੀਂ ਜਾਂਦੇ। ਮੈਂ ਪਹਿਲਾਂ ਆਪ ਪੰਜਾਬ ਵਿੱਚ ਆੜ੍ਹਤੀਆਂ ਦਾ ਵਿਰੋਧੀ ਰਿਹਾ ਹਾਂ ਪਰ ਜਦੋਂ ਲੜਾਈ ਵੱਡੇ ਦੁਸ਼ਮਣ ਨਾਲ ਹੋ ਜਾਵੇ ਤਾਂ ਫਿਰ ਦੂਜਿਆਂ ਨੂੰ ਭਾਈ ਬਣਾ ਲੈਣਾ ਚਾਹੀਦਾ ਹੈ।

ਰੁਲਦੂ ਸਿੰਘ ਮਾਨਸਾ ਨੇ ਕਰੋਨਾਵਿਰਸ ਮਹਾਂਮਾਰੀ ਬਾਰੇ ਬੋਲਦਿਆਂ ਕਿਹਾ ਕਿ ‘ਸਰਕਾਰ ਨੇ ਪਿਛਲੇ ਸਾਲ ਤੋਂ ਹੀ ਇੱਕ ਬਿਮਾਰੀ ਲਿਆਂਦੀ ਹੈ। ਸਾਨੂੰ ਪਹਿਲਾਂ ਵੀ ਖੰਘ, ਜ਼ੁਕਾਮ ਹੁੰਦਾ ਰਿਹਾ ਹੈ ਪਰ ਇਸ ਵਾਰ ਸਰਕਾਰ ਸਾਨੂੰ ਡਰਾ ਰਹੀ ਹੈ। ਇੱਕ ਦੇਸ਼ ਨੇ ਸੋਚਿਆ ਹੈ ਕਿ ਸਾਡੇ ਲੋਕਾਂ ਨੂੰ ਸਹੂਲਤਾਂ ਮਿਲਣ ਜਾਂ ਨਾ ਮਿਲਣ, ਪਰ ਮੇਰੇ ਕੋਲ ਪਰਮਾਣੂ ਬੰਬ ਜ਼ਰੂਰ ਚਾਹੀਦਾ ਹੈ। ”

ਮੋਦੀ ਸਰਕਾਰ ਨੇ ਕਰੋਨਾ ਲਈ ਕਈ ਇੰਤਜ਼ਾਮ ਨਹੀਂ ਕੀਤਾ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਰੋਨਾ ਛੁੱਟੀ ਕੱਟ ਕੇ ਆਇਆ ਹੈ। ਬੰਦੇ ਪ੍ਰਦੂਸ਼ਣ ਨਾਲ ਮਰਨਗੇ, ਬਿਮਾਰੀ ਨਾਲ ਨਹੀਂ ਮਰਨਗੇ। ਪਰ ਸਰਕਾਰ ਬਿਮਾਰੀ ਨਾਲ ਮਰਨ ਦਾ ਬਹਾਨਾ ਲਗਾਵੇਗੀ। ਇਸ ਲਈ ਸਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਕਰੋਨਾ ਨਾਲ ਬੰਦੇ ਨਹੀਂ ਮਰਨਗੇ, ਪ੍ਰਦੂਸ਼ਣ ਨਾਲ ਮਰਨਗੇ।

ਮੈਂ ਪੰਜਾਬ ਦੀ ਪੰਚਾਇਤਾਂ ਅਤੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਧੰਨਵਾਦ ਕਰਦਾ ਹਾਂ। ਕਿਸਾਨਾਂ ਨੇ ਦਿੱਲੀ ‘ਚ ਪਹਿਲਾਂ ਠੰਡ ਦਾ ਇੰਤਜ਼ਾਮ ਕੀਤਾ ਸੀ ਅਤੇ ਹੁਣ ਮੱਛਰਾਂ ਤੋਂ ਬਚਾਅ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। ਦਿੱਲੀ ਮੱਛਰ ਬਹੁਤ ਹੈ। ਇੱਕ ਕਿਸਾਨ ਨੇ ਇੱਕ ਟਰਾਲੀ ਮੱਛਰਦਾਨੀਆਂ ਦੀ ਦਿੱਲੀ ਭੇਜੀ ਹੈ।

ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ “ਲੱਖਾ ਸਿਧਾਣਾ ਕਿਸਾਨ ਲੀਡਰਾਂ ਦੀ ਸਟੇਜ ਤੋਂ ਬੋਲੇਗਾ। ਕਿਸਾਨ ਜਥੇਬੰਦੀਆਂ ਨੇ ਮੀਟਿੰਗ ‘ਚ ਫੈਸਲਾ ਕਰ ਲਿਆ ਹੈ ਕਿ ਲੱਖਾ ਸਿਧਾਣਾ ਸਿੰਘੂ ਬਾਰਡਰ ‘ਤੇ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲੇਗਾ ਪਰ ਉਹ 32 ਕਿਸਾਨ ਜਥੇਬੰਦੀਆਂ ਦਾ ਹਿੱਸਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਸਨੂੰ ਕੋਈ ਵੀ ਫੜ ਨੀ ਸਕਦਾ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਨਾਲ ਲੱਖੇ ਦਾ ਕੋਈ ਸਬੰਧ ਨਹੀਂ ਹੈ। 

ਟਰੇਡ ਯੂਨੀਅਨਾਂ ਨੇ ਭਾਰਤ ਬੰਦ ਦੇ ਸੱਦੇ ਨੂੰ ਦਿੱਤੀ ਹਮਾਇਤ

ਟਰੇਡ ਯੂਨੀਆਨਾਂ ਸਮੇਤ ਦੇਸ਼ ਦੀਆਂ ਅਨੇਕਾਂ ਜਥੇਬੰਦੀਆਂ ਨੇ ਵੀ ਕੱਲ੍ਹ ਦੇ ਭਾਰਤ ਬੰਦ ਦੇ ਸੱਦੇ ਨੂੰ ਹਮਾਇਤ ਦਿੱਤੀ ਹੈ। ਕਿਸਾਨ ਲੀਡਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਹਰ ਸੂਬੇ ਦੀਆਂ ਮੁੱਖ ਟਰੇਡ ਯੂਨੀਅਨਾਂ ਅਤੇ ਸਥਾਨਕ ਜਥੇਬੰਦੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ। ਦੇਸ਼ ਦੀਆਂ 10 ਵੱਡੀਆਂ ਟਰੇਡ ਯੂਨੀਅਨਾਂ ਅਤੇ ਦੋ ਹੋਰ ਵੱਡੀਆਂ ਐਸੋਸੀਏਸ਼ਨਾਂ, ਬੈਂਕ, ਡਾਕਟਰਾਂ, ਵਕੀਲਾਂ, ਤਕਨੀਕੀ ਖੇਤਰ ਦੇ ਲੋਕਾਂ, ਮਜ਼ਦੂਰਾਂ, ਕਾਰੋਬਾਰੀ ਸੰਸਥਾਵਾਂ, ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਦੀਆਂ ਯੂਨੀਅਨਾਂ, ਵਿਦਿਆਰਥੀ ਅਤੇ ਮਹਿਲਾ ਜਥੇਬੰਦੀਆਂ ਵੱਲੋਂ ਵੀ ਸਮਰਥਨ ਦੇ ਬਿਆਨ ਆ ਚੁੱਕੇ ਹਨ।

ਟਰੇਡ ਯੂਨੀਅਨ ਇਫਟੂ ਨੇ ਬੰਦ ਦੇ ਸਮਰਥਨ ਦਾ ਕੀਤਾ ਐਲਾਨ

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਆਨਜ਼ (ਇਫਟੂ) ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਪੱਖੀ ਸਾਰੇ ਕਾਨੂੰਨ ਖਤਮ ਕਰਕੇ ਉਹਨਾਂ ਦੀ ਥਾਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲੈ ਆਂਦੇ ਹਨ। ਉਹਨਾਂ ਕਿਹਾ ਕਿ 26 ਮਾਰਚ ਨੂੰ ਭੱਠਾ ਵਰਕਰਜ਼ ਯੂਨੀਅਨ, ਰੇਹੜੀ ਵਰਕਰਜ਼ ਯੂਨੀਅਨ, ਪ੍ਰਵਾਸੀ ਮਜ਼ਦੂਰ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਦੇਸ਼ ਵਿਆਪੀ ਇਸ ਬੰਦ ਵਿੱਚ ਸ਼ਾਮਲ ਹੋਣਗੀਆਂ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ 26 ਮਾਰਚ ਦਾ ਦੇਸ਼ ਵਿਆਪੀ ਬੰਦ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ।