‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦੇ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਦੇ ਖਿਲਾਫ ਆਪਣਾ ਇਕ ਬਿਆਨ ਦੇਣਾ ਮਹਿੰਗਾ ਪੈ ਰਿਹਾ ਹੈ। ਇਸ ਵਿੱਚ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਮੁਖ਼ੀ ਜਨਰਲ ਬਾਜਵਾ ਨਾਲ ਮਿੱਤਰਚਾਰੇ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਵੱਲੋਂ ਸਿੱਧੂ ਨੂੰ ਦੇਸ਼ ਵਿਰੋਧੀ ਕਹਿਣ ਉੱਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਅਤੇ ਸਿੱਧੂ ਦੇ ‘ਪ੍ਰਿੰਸੀਪਲ ਸਟਰੈਟਿਜਿਕ ਐਡਵਾਈਜ਼ਰ’ ਮੁਹੰਮਦ ਮੁਸਤਫ਼ਾ ਨੇ ਟਵੀਟਾਂ ਦੀ ਝੜੀ ਲਾ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ‘ਕੈਪਟਨ ਸਰ, ਅਸੀਂ ਲੰਬੇ ਸਮੇਂ ਤੋਂ ਪਰਿਵਾਰਕ ਮਿੱਤਰ ਰਹੇ ਹਾਂ।ਮੈਨੂੰ ਮੇਰਾ ਮੂੰਹ ਖੋਲ੍ਹਣ ਲਈ ਮਜ਼ਬੂਰ ਨਾ ਕਰੋ।ਮੈਨੂੰ ਤੁਹਾਡੀ ਬੜੇ ਆਰਾਮ ਨਾਲ ਸਹਿਜ ਸੁਭਾਅ ਝੂਠ ਬੋਲ ਜਾਣ ਦੀ ਸਮਰੱਥਾ ਬਾਰੇ ਭਲੀ ਭਾਂਤ ਪਤਾ ਹੈ। ਨਵਜੋਤ ਸਿੰਘ ਸਿੱਧੂ ’ਤੇ ਤੁਸੀਂ ਕੋਈ ਵੀ ਰਾਜਸੀ ਹਮਲਾ ਕਰੋ, ਕੋਈ ਗੱਲ ਨਹੀਂ, ਪਰ ਸਿੱਧੂ ਦੀ ਦੇਸ਼ਭਗਤੀ ਅਤੇ ਰਾਸ਼ਟਰਵਾਦ ’ਤੇ ਗੱਲ ਨਾ ਕਰੋ।

ਇਕ ਹੋਰ ਟਵੀਟ ਵਿੱਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ 14 ਸਾਲ ਆਈਐੱਸਆਈ ਦੀ ਏਜੰਟ ਨਾਲ ਰਹੇ ਹੋ।ਮੁਸਤਫ਼ਾ ਨੇ ਇਸ ਮਹਿਲਾ ਮਿੱਤਰ ਵੱਲੋਂ ਕੈਪਟਨ ਸਰਕਾਰ ਅੰਦਰ ਵੱਡੇ ਪੱਧਰ ’ਤੇ ਕੀਤੀ ਦਖ਼ਲਅੰਦਾਜ਼ੀ ਅਤੇ ਕੈਪਟਨ ਦੀ ਮਿਲੀਭੁਗਤ ਨਾਲ ਵੱਡੀਆਂ ਰਕਮਾਂ ਦੇਸ਼ ਵਿੱਚੋਂ ਬਾਹਰ ਬੈਂਕ ਖ਼ਾਤਿਆਂ ਵਿੱਚ ਭੇਜਣ ਦੇ ਦੋਸ਼ ਵੀ ਲਾਇਆ।ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਕੋਈ ਹੱਕ ਨਹੀਂ ਹੈ ਕਿ ਤੁਸੀਂ ਦੂਜਿਆਂ ਨੂੰ ਦੇਸ਼ਭਗਤੀ ਦੀਆਂ ਪਰਚੀਆਂ ਵੰਡੋ।

ਇਕ ਹੋਰ ਟਵੀਟ ਵਿੱਚ ਮੁਸਤਫ਼ਾ ਨੇ ਕਿਹਾ ਕਿ ਮੈਂ ਜਾਣਦਾ ਹਾਂ ਤੁਸੀਂ ਤਾਂ ਉਸ ਦਾ ਰੱਤੀ ਭਰ ਵੀ ਨਹੀਂ ਜਾਣਦੇ।ਮੇਰੇ ਕੋਲ ਤਾਂ ਤੁਹਾਡੇ ਕਰਮਾਂ ਦੇ ਨਾ ਨਕਾਰੇ ਜਾਣ ਵਾਲੇ ਸਬੂਤਾਂ ਦੇ ਪਹਾੜ ਜਿੱਡੇ ਢੇਰ ਲੱਗੇ ਪਏ ਹਨ।

ਆਪਣੇ ਆਖਰੀ ਟਵੀਟ ਵਿੱਚ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਹੈ ਕਿ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਉਹ ਤਾਂ ਉਹਨਾਂ ਨੂੰ ਦਿੱਤਾ ਆਪਣਾ ਉਹ ਵਾਅਦਾ ਪੁਗਾ ਰਹੇ ਹਨ ਜਿਸ ਵਿੱਚ ਉਹਨਾਂ ਦੇ ਖਿਲਾਫ਼ ਸਬੂਤਾਂ ਨੂੰ ਜਨਤਕ ਨਾ ਕਰਨ ਦਾ ਵਾਅਦਾ ਉਹਨਾਂ ਨੇ ਕੀਤਾ ਸੀ ਹਾਲਾਂਕਿ ਤੁਸੀਂ ਬੜੇ ਹੀ ਬੇਜ਼ਮੀਰੇ ਤਰੀਕੇ ਨਾਲ ਯੂ.ਪੀ.ਐਸ.ਸੀ. ਰਾਹੀਂ ਅਤੇ ਸੁਰੇਸ਼ ਅਰੋੜਾ ਦੀ ਮਿਲੀਭੁਗਤ ਨਾਲ ਮੇਰਾ ਰਗੜਾ ਬੰਨ੍ਹਿਆ ਸੀ।

ਮੁਸਤਫ਼ਾ ਨੇ ਇਹ ਵੀ ਟਵੀਟ ਕੀਤਾ ਹੈ ਕਿ ਮੈਂ ਤਾਂ ਇਹ ਸਾਰੇ ਸਬੂਤ ਕਾਂਗਰਸੀ ਲੀਡਰ ਰਾਹੁਲ ਗਾਂਧੀ ਵੱਲੋਂ ਮੰਗੇ ਜਾਣ ’ਤੇ ਵੀ ਉਨ੍ਹਾਂ ਨਾਲ ਸਾਂਝੇ ਨਹੀਂ ਕੀਤੇ ਸਨ।ਇਹ ਮੇਰੇ ਕਿਰਦਾਰ ਦੀ ਤਾਕਤ ਹੈ, ਸਰ ਜੀ।

ਸਾਬਕਾ ਡੀ.ਜੀ.ਪੀ ਡੀਜੀਪੀ ਨੇ ਇਕ ਹੋਰ ਟਵੀਟ ਸਾਂਝਾ ਕਰਦਿਆਂ ਹਿੰਦੀ ਫਿਲਮ ਦਾ ਗਾਣਾ ਕੈਪਟਨ ਦੀ ਖਿਦਮਤ ਵਿੱਚ ਪੇਸ਼ ਕੀਤਾ ਹੈ, ਜਿਸ ਵਿੱਚ ਉਹ ਕਹਿਣਾ ਚਾਹੁੰਦੇ ਹਨ ਕਿ ਕੈਪਟਨ ਸਾਹਿਬ, ਰਾਜ ਨੂੰ ਰਾਜ ਹੀ ਰਹਿਣ ਦਿਓ।

Leave a Reply

Your email address will not be published. Required fields are marked *