Punjab

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸ਼ੁਰੂ ਹੋਈ ਇੰਗਲਿਸ਼ ਬੂਸਟਰ ਕਲੱਬ ਮੁਹਿੰਮ

‘ਦ ਖ਼ਾਲਸ ਬਿਊਰੋ :- ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਲਿਆਉਣ ਲਈ ਆਰੰਭੀ ਮੁਹਿੰਮ ਦੇ ਹੇਠ ਹੁਣ ਸਿੱਖਿਆ ਵਿਭਾਗ ਨੇ ਇੰਗਲਿਸ਼ ਬੂਸਟਰ ਕਲੱਬ (EBC) ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਵਿੱਚ ਹੋਰ ਤੇਜੀ ਆਉਣ ਦੀ ਸੰਭਾਵਨਾ ਹੈ।

ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸਿੰਗਲਾ ਵੱਲੋਂ ਸਕੂਲੀ ਸਿੱਖਿਆ ਵਿੱਚ ਕੀਤੀਆਂ ਗਈਆਂ ਨਵੀਂਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ ਚਾਲੂ ਵਿਦਿਅਕ ਸੈਸ਼ਨ 2020-21 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦਾਖਲਿਆਂ ਵਿੱਚ 15 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ EBC ਦੀ ਇਸ ਨਵੀਂ ਪਹਿਲਕਦਮੀ ਨਾਲ ਸਰਕਾਰੀ ਸਕੂਲਾਂ ਪ੍ਰਤੀ ਹੋਰ ਅਕ੍ਰਸ਼ਨ ਵਧਣ ਦੀ ਪ੍ਰਬਲ ਸੰਭਾਵਨਾ ਹੈ। ਬੱਚਿਆਂ ਲਈ ਸਕੂਲ ਦੀ ਚੋਣ ਕਰਨ ਸਮੇਂ ਮਾਪਿਆਂ ਲਈ ਅੰਗਰੇਜ਼ੀ ਹਮੇਸ਼ਾਂ ਇੱਕ ਪਹਿਲ ਹੁੰਦੀ ਹੈ।

ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਿਸ਼ੇਸ਼ ਕਰਕੇ ਅੰਗਰੇਜ਼ੀ ਦੀ ਪੜਾਈ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਤਰਜੀਹ ਦਿੱਤੀ ਜਾਂਦੀ ਰਹੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ ਹੁਣ ਲੋਕਾਂ ਦਾ ਸਰਕਾਰੀ ਸਕੂਲਾਂ ਵੱਲ ਰੁਚੀ ਪੈਦਾ ਹੋਈ ਹੈ।

ਬੁਲਾਰੇ ਅਨੁਸਾਰ EBC ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਇੰਗਲਿਸ਼ ਸੰਚਾਰ ਹੁਨਰਾਂ ਨੂੰ ਬਿਹਤਰ ਬਣਾਉਣ ਹੈ। ਸਰਕਾਰੀ ਸਕੂਲਾਂ ਵਿੱਚ ਸੂਬੇ ਦੇ ਸਰੋਤ ਸਮੂਹਾਂ ਦੁਆਰਾ ਗਾਈਡਡ ਵੀਡੀਓ, ਰਿਕਾਰਡ ਕੀਤੀਆਂ ਟੇਪਾਂ, ਵਾਕਾਂ ਤੇ ਵਾਕਾਂਸਾਂ ਨੂੰ ਸਾਂਝਾ ਕੀਤਾ ਜਾਵੇਗਾ, ਅਤੇ ਵਿਦਿਆਰਥੀ ਦਿੱਤੀ ਗਈ ਸਮੱਗਰੀ ਨੂੰ ਆਪਣੀ ਸ਼ੈਲੀ ਅਤੇ ਆਵਾਜ਼ ਵਿੱਚ ਦੁਬਾਰਾ ਪੇਸ਼ ਕਰਨਗੇ। ਇਸ ਪ੍ਰੋਜੈਕਟ ਨੂੰ 12 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਹੁਣ ਤੱਕ ਤਕਰੀਬਨ ਸੱਤ ਹਜ਼ਾਰ ਸਕੂਲਾਂ ਵਿੱਚ ਇੰਗਲਿਸ਼ ਬੂਸਟਰ ਕਲੱਬਾਂ ਬਣ ਚੁੱਕੀਆਂ ਹਨ। ਪਹਿਲੇ ਪੜਾਅ ਵਿੱਚ ਹਰ ਸੈਕਸ਼ਨ ਜਾਂ ਕਲਾਸ ਵਿੱਚੋਂ ਤਿੰਨ ਵਿਦਿਆਰਥੀ ਲੈ ਕੇ ਉਨਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਕੇ ਉਨਾਂ ਵਿੱਚ ਅੰਗਰੇਜ਼ੀ ਬਾਰੇ ਉਤਸੁਕਤਾ ਪੈਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਕਲੱਬ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਹ ਇੰਗਲਿਸ਼ ਬੂਸਟਰ ਕਲੱਬ ਦਾ ਫਾਇਦਾ ਉਠਾ ਸਕਣਗੇ।

ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ ਦੀ ਸਮਰੱਥਾ ਵਧੇਗੀ ਅਤੇ ਉਨਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਸਾਰੇ ਪੱਖਾਂ ਤੋਂ ਗਿਆਨ ਵਧੇਗਾ। ਇਸ ਦੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੰਗਰੇਜ਼ੀ ਮਾਧੀਅਮ ਵਾਲੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਖੜ ਸਕਣਗੇ।