Punjab

ਜਲਥਲ ਹੋਏ ਪੰਜਾਬ ‘ਚ ਅਗਲੇ 3 ਦਿਨ ਤੱਕ ਪਏਗਾ ਭਾਰੀ ਮੀਂਹ

‘ਦ ਖ਼ਾਲਸ ਬਿਊਰੋ :- ਉੱਤਰੀ-ਪੱਛਮੀ ਭਾਰਤ ਦੇ ਕਈ ਖ਼ਿੱਤਿਆਂ ’ਚ ਕੱਲ੍ਹ ਪਏ ਹਲਕੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਕਿ ਮੌਸਮ ਵਿਭਾਗ ਵੱਲੋਂ 28 ਮਈ ਨੂੰ ਪੂਰੇ ਭਾਰਤ ਸਮੇਤ ਪੰਜਾਬ ’ਚ ਦੁਪਹਿਰ ਮਗਰੋਂ ਉੱਤਰੀ-ਪੂਰਬੀ ਹਿੱਸੇ ’ਚ ਤੇਜ਼ ਝੱਖੜ ਦੀ ਚਿਤਾਵਨੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਤੇ ਕਈ ਥਾਵਾਂ ’ਤੇ ਹਲਕਾ ਮੀਂਹ ਵੀ ਦੱਸਿਆ ਗਿਆ ਸੀ। ਕਈ ਦਿਨਾਂ ਤੋਂ ਤਪ ਰਹੇ ਪੰਜਾਬ ’ਚ ਕੱਲ੍ਹ ਪਾਰਾ ਹੇਠਾਂ ਡਿੱਗਿਆ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿੱਚ ਧੂੜ ਭਰੇ ਤੂਫਾਨ ਆਉਣ ਦੀ ਖ਼ਬਰ ਵੀ ਕੀਤੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਤਾਪਮਾਨ ਘੱਟ ਗਿਆ ਹੈ। ਪੰਜਾਬ ਦੇ ਜ਼ਿਲ੍ਹਿਆਂ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਆ, ਮੁਕਤਸਰ, ਫ਼ਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਕੱਲ੍ਹ ਹਲਕਾ ਮੀਂਹ ਪਿਆ ਅਤੇ ਭਲਕੇ ਭਰਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਵੀ ਤਕਰੀਬਣ ਪੂਰੇ ਪੰਜਾਬ ਦੇ ਵਿੱਚ ਬਹੁਤ ਭਾਰੀ ਮੀਂਹ ਪਿਆ ਅਤੇ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਮੀਂਹ ਇਸੇ ਤਰ੍ਹਾਂ ਵਰਦਾ ਰਹੇਗਾ।

ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਕੱਲ੍ਹ ਤੇਜ਼ ਝੱਖੜ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੈ। ਕਈ ਥਾਈਂ ਦਰੱਖਤ ਵੀ ਡਿੱਗ ਗਏ ਤੇ ਬਿਜਲੀ ਸਪਲਾਈ ਵਿੱਚ ਵੀ ਵਿਘਨ ਪਿਆ। ਦੂਜੇ ਪਾਸੇ, ਬਿਜਲੀ ਦੀ ਮੰਗ ਵਿੱਚ ਕਮੀ ਆਈ ਹੈ। ਬਠਿੰਡਾ ਕੱਲ੍ਹ ਦੁਪਹਿਰ ਇੱਕ ਵਜੇ ਤੱਕ ਤਪਦਾ ਰਿਹਾ ਅਤੇ ਅੱਜ ਵੀ ਤਾਪਮਾਨ ਮੁੜ 47.5 ਡਿਗਰੀ ਸੈਲਸੀਅਸ ਹੋ ਗਿਆ। ਦੁਪਹਿਰ ਮਗਰੋਂ ਹਲਕਾ ਮੀਂਹ ਪਿਆ ਤੇ ਜ਼ੋਰਦਾਰ ਝੱਖੜ ਆਇਆ। ਆਉਂਦੇ ਤਿੰਨ-ਚਾਰ ਦਿਨ ਮੌਸਮ ਠੰਢਾ ਰਹਿਣ ਦੀ ਸੰਭਾਵਨਾ ਹੈ। ਬੇਸ਼ੱਕ ਆਮ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਪ੍ਰੰਤੂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਡਰੇ ਹੋਏ ਹਨ। ਹਾਲਾਂਕਿ ਝੋਨੇ ਦੀ ਸਿੱਧੀ ਬਿਜਾਈ ਦਾ ਨਿਰਧਾਰਿਤ ਸਮਾਂ ਪਹਿਲੀ ਜੂਨ ਤੋਂ ਸ਼ੁਰੂ ਹੋਣਾ ਹੈ ਪ੍ਰੰੰਤੂ ਲੇਬਰ ਸੰਕਟ ਕਾਰਨ ਕਿਸਾਨਾਂ ਨੇ ਵੱਡੇ ਰਕਬੇ ਵਿੱਚ ਸਿੱਧੀ ਬਿਜਾਈ ਕਰ ਲਈ ਹੈ।
ਸਿੱਧੀ ਬਿਜਾਈ ਮਗਰੋਂ ਕਿਸਾਨਾਂ ਨੂੰ ਕੀਟਨਾਸ਼ਕ ਦੇ ਛਿੜਕਾਅ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਮੀਂਹ ਪੈਣ ਦੀ ਸੂਰਤ ਵਿੱਚ ਛਿੜਕਾਅ ਵਿਅਰਥ ਜਾਣ ਦੀ ਚਿੰਤਾ ਸਤਾ ਰਹੀ ਹੈ। ਨਰਮੇ ਦੀ ਫ਼ਸਲ ਲਈ ਇਹ ਰਾਹਤ ਵਾਲਾ ਮੋੜਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦਾ ਕਹਿਣਾ ਸੀ ਕਿ ਪੰਜਾਬ ਵਿੱਚ 29 ਤੇ 30 ਮਈ ਨੂੰ ਚੰਗੀ ਬਾਰਸ਼ ਹੋਣ ਦਾ ਅਨੁਮਾਨ ਹੈ ਅਤੇ ਦੋ ਤੋਂ ਚਾਰ ਸੈਂਟੀਮੀਟਰ ਤੱਕ ਮੀਂਹ ਪਵੇਗਾ। ਉਨ੍ਹਾਂ ਦੱਸਿਆ ਕਿ ਤੇਜ਼ ਤੂਫਾਨ ਆਉਣ ਦਾ ਵੀ ਅਨੁਮਾਨ ਹੈ।

ਅੱਜ ਵੀ ਚੰਡੀਗੜ੍ਹ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਅਤੇ ਪੰਜਾਬ ਦੇ ਕਈ ਇਲਾਕਿਆ ‘ਚ ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ, ਫਾਜ਼ਿਲਕਾ, ‘ਚ ਤੇਜ਼ ਹਵਾਵਾਂ ਚੱਲ ਰਹੀਆ ਹਨ।