‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਫੈਲਣ ਦੇ ਡਰ ਕਾਰਨ ਕਈ ਦੇਸ਼ਾਂ ਨੇ ਆਪਣੀਆ ਸਰਹੱਦਾਂ ਨੂੰ ਬੰਦ ਕਰ ਲਿਆ ਸੀ। ਪਰ ਕੱਲ੍ਹ ਭਾਰਤ-ਅਫਗਾਨਿਸਤਾਨ ਵਪਾਰ 73 ਦਿਨਾਂ ਦੀ ਖੜੋਤ ਤੋਂ ਬਾਅਦ ਮੁੜ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਮੁਲੱਠੀ ਦਾ ਇੱਕ ਟਰੱਕ ਵਾਹਗਾ-ਅਟਾਰੀ ਸਰਹੱਦ ਰਸਤਿਓਂ (ਸੰਗਠਿਤ ਚੈੱਕ ਪੋਸਟ ਅਟਾਰੀ) ਭਾਰਤ ਪੁੱਜਾ।

ਅਫਗਾਨਿਸਤਾਨ ਤੋਂ ਬੀਤੇ ਕਈ ਦਿਨਾਂ ਤੋਂ ਦੋ ਟਰੱਕ ਮਾਲ ਲੈ ਕੇ ਵਾਹਗਾ ਸਰਹੱਦ ਪਾਕਿਸਤਾਨ ’ਚ ਖੜ੍ਹੇ ਸਨ ਜਿਨ੍ਹਾਂ ’ਚੋਂ ਇੱਕ ਟਰੱਕ ਦੇ ਕਾਗਜ਼ ਪੂਰੇ ਨਾ ਹੋਣ ਕਾਰਨ ਉਸ ਨੂੰ ਪਾਕਿਸਤਾਨ ਕਸਟਮ ਨੇ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਸੀ ਅਤੇ ਇੱਕ ਟਰੱਕ ਨੂੰ ਭਾਰਤ ਜਾਣ ਦੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਤੇ ਹੋਰ ਵਸਤਾਂ ਦੀ ਸਪਲਾਈ ਬਹਾਲ ਰਹੇਗੀ। ਭਾਰਤ-ਅਫਗਾਨਿਸਤਾਨ ਵਿਚਕਾਰ ਵਪਾਰ ਸ਼ੁਰੂ ਹੋਣ ਨਾਲ ਅਟਾਰੀ ਸਰਹੱਦ ’ਚ ਢੋਆ-ਢੁਆਈ ਦਾ ਕੰਮ ਕਰਦੇ ਕੁਲੀਆਂ, ਟਰੱਕ ਅਪਰੇਟਰਾਂ ਤੇ ਢਾਬਾ ਮਾਲਕਾਂ ਲਈ ਆਸ ਦੀ ਕਿਰਨ ਜਾਗੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੋਵਾਂ ਮੁਲਕਾਂ ਵਿਚਾਲੇ ਵਪਾਰ ਬੰਦ ਕਰ ਦਿੱਤਾ ਗਿਆ ਸੀ।