‘ਦ ਖ਼ਾਲਸ ਬਿਊਰੋ(ਪੁਨੀਤ ਕੌਰ):- ਪੰਜਾਬ ਵਿੱਚ 328 ਪਾਵਨ ਸਰੂਪ ਲਾਪਤਾ ਹੋਣ ਦਾ ਮਸਲਾ ਲਗਾਤਾਰ ਭਖਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਦੇ ਬਾਹਰ ਸਤਿਕਾਰ ਕਮੇਟੀਆਂ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਕਈ ਦੂਜੀਆਂ ਸਿੱਖ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਹਨ। ਸਿੱਖ ਜਥੇਬੰਦੀਆਂ ਨੇ ਇਨਸਾਫ ਮਿਲਣ ਤੱਕ ਇਹ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਹ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।

ਸਿੱਖ ਜਥੇਬੰਦੀਆਂ ਨੇ ਅੱਜ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਕੱਠ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਸਮਾਪਤੀ ਮਗਰੋਂ ਦੀਵਾਨ ਹਾਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਇਸ ਦੇ ਬਾਹਰ ਆਪਣੇ ਕਰਮਚਾਰੀ ਤਾਇਨਾਤ ਕਰ ਦਿੱਤੇ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਕੁੱਝ ਕਾਰਕੁੰਨਾਂ ਨੇ ਦੀਵਾਨ ਹਾਲ ਮੰਜੀ ਸਾਹਿਬ ਦੇ ਬਾਹਰ ਧਰਨਾ ਦੇ ਦਿੱਤਾ।

ਕੁੱਝ ਸਿੱਖ ਕਾਰਕੁੰਨਾਂ ਨੂੰ ਗੁਰਦੁਆਰਾ ਬਾਬਾ ਅਟੱਲ ਰਾਏ ਨੇੜੇ ਗੇਟ ਦੇ ਬਾਹਰ ਰੋਕ ਲਿਆ ਗਿਆ ਅਤੇ ਉਨ੍ਹਾਂ ਨੇ ਸੜਕ ‘ਤੇ ਹੀ ਧਰਨਾ ਦੇ ਦਿੱਤਾ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਸਿੱਖ ਕਾਰਕੁੰਨਾਂ ਦਾ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨਾ ਦੇ ਕੇ ਬੈਠ ਗਿਆ ਹੈ।

ਜਦੋਂ ਸਤਿਕਾਰ ਕਮੇਟੀਆਂ ਵੱਲੋਂ ਧਰਨਾ ਦੇਣ ਦੀ ਗੱਲ ਕਹੀ ਗਈ ਸੀ ਤਾਂ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਉੱਪਰ ਇੱਕ ਵੱਡਾ ਸਵਾਲ ਖੜ੍ਹਾ ਕੀਤਾ ਸੀ ਕਿ ਸਤਿਕਾਰ ਕਮੇਟੀਆਂ ਪਹਿਲਾਂ ਇਹ ਦੱਸਣ ਕਿ ਜਿਹੜੇ ਸਰੂਪ ਉਹ ਲੋਕਾਂ ਦੇ ਘਰਾਂ ਵਿੱਚੋਂ ਲੈ ਕੇ ਆਉਂਦੇ ਰਹੇ ਹਨ, ਉਹ ਕਿੱਥੇ ਹਨ। ਹੋਰ ਵੀ ਸਮੱਗਰੀ ਜੋ ਉਹ ਲੋਕਾਂ ਦੇ ਘਰਾਂ ਵਿੱਚੋਂ ਜਾਂ ਡੇਰਿਆਂ ਵਿੱਚੋਂ ਲੈ ਕੇ ਆਉਂਦੇ ਰਹੇ ਹਨ, ਉਸਦਾ ਵੀ ਹਿਸਾਬ ਦਿੱਤਾ ਜਾਵੇ।

SGPC ਵੱਲੋਂ ਇਸ ਮਸਲੇ ਲਈ ਜਾਂਚ ਕਮੇਟੀ ਵੀ ਬਿਠਾਈ ਗਈ ਸੀ ਅਤੇ ਸਾਫ ਤੌਰ ‘ਤੇ ਕਿਹਾ ਗਿਆ ਸੀ ਕਿ ਇਸ ਮਸਲੇ ਵਿੱਚ ਕੋਈ ਨਿਆਂਇਕ ਐਕਸ਼ਨ ਨਹੀਂ ਲਿਆ ਜਾਵੇਗਾ। ਦੋਸ਼ੀਆਂ ਖਿਲਾਫ਼ ਸਜ਼ਾ SGPC ਵੱਲੋਂ ਹੀ ਤੈਅ ਕੀਤੀ ਜਾਵੇਗੀ।

Leave a Reply

Your email address will not be published. Required fields are marked *