Punjab

ਦਿੱਲੀ ਪੁਲਿਸ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ 9 ਸਟੇਡੀਅਮਾਂ ਨੂੰ ਜੇਲ੍ਹਾਂ ‘ਚ ਕਰ ਰਹੀ ਹੈ ਤਬਦੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਸਾਰੇ ਬਾਰਡਰਾਂ ‘ਤੇ ਸਥਿਤੀ ਤਣਾਅਪੂਰਨ ਹੈ। ਦਿੱਲੀ ਵਿੱਚ ਜਿੱਥੇ ਕਿਸਾਨ ਇੱਕ ਪਾਸੇ ਵੱਡੀ ਗਿਣਤੀ ਵਿੱਚ ਵਧਣ ‘ਤੇ ਅੜੇ ਹੋਏ ਹਨ ਤਾਂ ਉੱਧਰ ਦਿੱਲੀ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਦਿੱਲੀ ਸਰਕਾਰ ਤੋਂ 9 ਸਟੇਡੀਅਮ ਖਾਲੀ ਮੰਗੇ ਗਏ ਹਨ। ਦਿੱਲੀ ਪੁਲਿਸ ਇੰਨਾਂ ਸਟੇਡੀਅਮਾਂ ਨੂੰ ਆਰਜ਼ੀ ਤੌਰ ‘ਤੇ ਜੇਲ੍ਹ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਲਈ ਪੂਰੀ ਵਾਹ ਲਗਾ ਰਿਹਾ ਹੈ। ਸਿੰਘੂ, ਮੁੰਡਕਾ ਅਤੇ ਟਿਕਰੀ ਬਾਰਡਰ ‘ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਕਰਾਰ ਜਾਰੀ ਹੈ। ਕਿਸਾਨਾਂ ‘ਤੇ ਹੰਝੂ ਗੈਸ ਅਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਇੱਕ ਦਿਨ ਲੱਗੇ ਜਾਂ ਪੂਰਾ ਸਾਲ, ਅਸੀਂ ਦਿੱਲੀ ਵਿੱਚ ਪ੍ਰਦਰਸ਼ਨ ਕਰਾਂਗੇ ਅਤੇ ਪਿੱਛੇ ਨਹੀਂ ਹਟਾਂਗੇ।