India

ਸ਼ਾਹੀਨ ਬਾਗ ਧਰਨੇ ‘ਚ ਲੰਗਰ ਲਾਉਣ ਵਾਲੇ ਸਿੱਖ ਨੌਜਵਾਨਾਂ ਨੂੰ ISI ਦੇ ਏਜੰਟ ਦੱਸਦੀ ਦਿੱਲੀ ਪੁਲਿਸ ਦੀ ਚਾਰਜਸ਼ੀਟ ਪੜ੍ਹੋ

‘ਦ ਖ਼ਾਲਸ ਬਿਊਰੋ:- ਦਿੱਲੀ ਦੰਗਿਆਂ ਦੇ ਮਾਮਲਿਆਂ ਵਿੱਚ ਇੱਕ ਪਾਸੜ ਕਾਰਵਾਈ ਕਰਨ ਦੀ ਦੋਸ਼ੀ ਦਿੱਲੀ ਪੁਲਿਸ ਨੇ ਹੁਣ ਮੁਸਲਮਾਨਾਂ ਤੋਂ ਬਾਅਦ ਸਿੱਖਾਂ ਨੂੰ ਵੀ ਇਸ ਹਿੰਸਾ ਦੇ ਮਾਮਲਿਆਂ ਵਿੱਚ ਨਾਮਜ਼ਦ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਹਿੰਸਾ ਸਬੰਧੀ ਅਦਾਲਤ ਵਿੱਚ ਦਰਜ ਕਰਾਈ ਗਈ ਚਾਰਜਸ਼ੀਟ ਵਿੱਚ ਇੱਕ ਗ੍ਰਿਫਤਾਰ ਮੁਸਲਮਾਨ ਦੇ ਬਿਆਨਾਂ ਦੇ ਅਧਾਰ ‘ਤੇ ਤਿੰਨ ਸਿੱਖਾਂ ਨੂੰ ਨਾਮਜ਼ਦ ਕਰਦਿਆਂ ਦੋਸ਼ ਲਾਇਆ ਗਿਆ ਹੈ ਕਿ ਇਹ ਖਾਲਿਸਤਾਨੀ ਸਿੱਖ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ ਦੇ ਕਹਿਣ ‘ਤੇ ਮੁਸਲਮਾਨਾਂ ਦੇ ਸਮਰਥਨ ਵਿੱਚ ਆਏ ਸਨ।

2020 ਦੇ ਚੜਦਿਆਂ ਹੀ ਭਾਰਤੀ ਪਾਰਲੀਮੈਂਟ ਵੱਲੋਂ ਮੁਸਲਿਮ ਵਿਰੋਧੀ ਕਾਨੂੰਨ CAA ਪਾਸ ਕੀਤੇ ਜਾਣ ਮਗਰੋਂ ਭਾਰਤ ਭਰ ਵਿੱਚ ਮੁਸਲਮਾਨ ਭਾਈਚਾਰੇ ਨੇ ਇਸ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਸਨ।  ਸਿੱਖਾਂ ਨੇ ਇਹਨਾਂ ਪ੍ਰਦਰਸ਼ਨਾਂ ਵਿੱਚ ਮੁਸਲਮਾਨ ਭਾਈਚਾਰੇ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ ਅਤੇ ਆਪਣੀ ਪਰੰਪਰਾ ਮੁਤਾਬਕ ਪ੍ਰਦਰਸ਼ਨਾਂ ਵਿੱਚ ਲੰਗਰ ਲਾਏ ਸਨ।

ਦਿੱਲੀ ਪੁਲਿਸ ਦੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਹਿੰਸਾ ਦੇ ਦੋਸ਼ੀ ਅਤ੍ਹਰ ਖਾਨ ਨੇ ਪੁਲਿਸ ਹਿਰਾਸਤ ਵਿੱਚ ਇਹ ਬਿਆਨ ਦਿੱਤਾ ਹੈ ਕਿ ਉਸਦੇ ਇੱਕ ਸਾਥੀ ਰਿਜ਼ਵਾਨ ਸਿੱਦੀਕੀ ਨੇ ਉਸਨੂੰ 10-11 ਫਰਵਰੀ ਨੂੰ ਦੱਸਿਆ ਸੀ ਕਿ ਉਹ ਸ਼ਾਹੀਨ ਬਾਗ ਪ੍ਰਦਰਸ਼ਨ ਵਿੱਚ ਕੁੱਝ ਖਾਲਿਸਤਾਨ ਦੇ ਸਮਰਥਕ ਸਿੱਖਾਂ ਨੂੰ ਮਿਲਿਆ ਹੈ ਜਿਹਨਾਂ ਦੀ ਪਛਾਣ ਬਗੀਚਾ ਸਿੰਘ ਅਤੇ ਲਵਪ੍ਰੀਤ ਸਿੰਘ ਦੱਸੀ ਗਈ ਹੈ ਅਤੇ ਇਹਨਾਂ ਨੇ ਉਸ ਨੂੰ ਕਿਹਾ ਸੀ ਕਿ ਪਾਕਿਸਤਾਨ ਦੀ ਆਈਐਸਆਈ ਉਹਨਾਂ ਦੀ ਮਦਦ ਕਰ ਰਹੀ ਹੈ ਅਤੇ ਆਈਐਸਆਈ ਨੇ ਸੁਨੇਹਾ ਭੇਜਿਆ ਹੈ ਕਿ ਖਾਲਿਸਤਾਨ ਦੇ ਸਮਰਥਕ ਸਿੱਖ CAA ਅਤੇ NRC ਖਿਲਾਫ ਹੋ ਰਹੇ ਪ੍ਰਦਰਸ਼ਨਾਂ ਵਿੱਚ ਮੁਸਲਮਾਨਾਂ ਦਾ ਸਾਥ ਦੇਣ।

ਸ਼ਾਹੀਨ ਬਾਗ ਮੋਰਚੇ ਵਿੱਚ ਬਗੀਚਾ ਸਿੰਘ ਅਤੇ ਲਵਪ੍ਰੀਤ ਸਿੰਘ ਵੱਲੋਂ ਹੋਰ ਸਿੱਖ ਸੰਗਤਾਂ ਨਾਲ ਮਿਲ ਕੇ ਲੰਗਰ ਲਗਾਇਆ ਗਿਆ ਸੀ। ਪਰ ਲੰਗਰ ਲਾਉਣ ਵਾਲੇ ਸਿੱਖਾਂ ਨੂੰ ਦਿੱਲੀ ਪੁਲਿਸ ਨਫਰਤ ਭਰੀ ਕਾਰਵਾਈ ਅਧੀਨ ਹੁਣ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਵਿੱਚ ਨਾਮਜ਼ਦ ਕਰ ਰਹੀ ਹੈ।

ਪੁਲਿਸ ਦੀ ਚਾਰਜਸ਼ੀਟ ਮੁਤਾਬਕ ਉਕਤ ਮੁਸਲਮਾਨ ਨੌਜਵਾਨ ਨੇ ਬਿਆਨ ਵਿੱਚ ਕਿਹਾ ਕਿ ਇਹਨਾਂ ਸਿੱਖਾਂ ਨੇ ਰਿਜ਼ਵਾਨ ਸਿੱਦੀਕੀ ਨੂੰ ਕਿਹਾ ਸੀ ਕਿ ਕੁੱਝ ਦਿਨਾਂ ਤੱਕ ਉਹ ਆਪਣੇ ਇੱਕ ਬੰਦੇ ਨੂੰ ਧਰਨੇ ਵਾਲੀ ਥਾਂ ਭੇਜਣਗੇ। ਫਿਰ ਇਸ ਬਿਆਨ ਨਾਲ ਅੱਗੇ ਸਿੱਖ ਨੌਜਵਾਨ ਜ਼ਬਰਜੰਗ ਸਿੰਘ ਦਾ ਨਾਂ ਜੋੜ ਦਿੱਤਾ ਗਿਆ ਹੈ ਕਿ ਕੁੱਝ ਦਿਨਾਂ ਬਾਅਦ ਉਹ ਦਿੱਲੀ ਦੇ ਧਰਨੇ ਵਿੱਚ ਪਹੁੰਚਿਆ ਸੀ। ਜ਼ਬਰਜੰਗ ਸਿੰਘ ਨਿਹੰਗ ਬਾਣੇ ਦਾ ਧਾਰਨੀ ਸਿੱਖ ਹੈ ਅਤੇ ਉਸਨੇ ਦਿੱਲੀ ਦੇ ਮੁਸਲਮਾਨ ਧਰਨੇ ਵਿੱਚ ਮੁਸਲਮਾਨਾਂ ਦਾ ਸਮਰਥਨ ਕਰਦਿਆਂ ਸਿਰਫ ਕੁੱਝ ਮਿੰਟਾਂ ਲਈ ਆਪਣੀ ਗੱਲ ਰੱਖੀ ਸੀ। ਉਸਦੀ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈ ਸੀ। ਇਸ ਤੋਂ ਇਲਾਵਾ ਜ਼ਬਰਜੰਗ ਸਿੰਘ ਵੱਲੋਂ ਧਰਨੇ ਵਿੱਚ ਕੁੱਝ ਖਾਣ ਦੀਆਂ ਵਸਤਾਂ ਲੰਗਰ ਵਜੋਂ ਲੋਕਾਂ ਵਿੱਚ ਵੰਡੀਆਂ ਗਈਆਂ ਸੀ।

ਦੁਨੀਆ ਵਿੱਚ ਮਨੁੱਖੀ ਹੱਕਾਂ ਲਈ ਕੰਮ ਕਰਦੀ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਨੇ ਦਿੱਲੀ ਹਿੰਸਾ ਦੇ ਮਾਮਲਿਆਂ ਵਿੱਚ ਦਿੱਲੀ ਪੁਲਿਸ ਦੀ ਜਾਂਚ ਦੀ ਘੋਖ ਕੀਤੀ ਅਤੇ ਜਾਂਚ ਵਿੱਚ ਪਾਇਆ ਗਿਆ ਕਿ ਦਿੱਲੀ ਪੁਲਿਸ ਹਿੰਦੂਆਂ ਨੂੰ ਬਚਾ ਰਹੀ ਹੈ ਅਤੇ ਬੇਦੋਸ਼ੇ ਮੁਸਲਮਾਨਾਂ ਨੂੰ ਕਾਲੇ ਕਾਨੂੰਨਾਂ ਅਧੀਨ ਕੇਸਾਂ ਵਿੱਚ ਉਲਝਾਇਆ ਜਾ ਰਿਹਾ ਹੈ।

ਸਿੱਖਾਂ ਵੱਲੋਂ ਮੁਸਲਮਾਨਾਂ ਦਾ ਸਮਰਥਨ ਕਰਨ ਕਰਕੇ ਹਿੰਦੁਤਵੀ ਲੋਕਾਂ ਨੂੰ ਬਹੁਤ ਤਕਲੀਫ ਹੋਈ ਸੀ। ਉਸ ਤਕਲੀਫ ਦਾ ਪ੍ਰਗਟਾਵਾ ਇਸ ਰਿਪੋਰਟ ਵਿੱਚੋਂ ਝਲਕ ਰਿਹਾ ਹੈ ਜਿੱਥੇ ਮਹਿਜ਼ ਲੰਗਰ ਲਾਉਣ ਵਾਲੇ ਸਿੱਖਾਂ ਨੂੰ ਆਈਐਸਆਈ ਨਾਲ ਜੋੜ ਕੇ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਵਿੱਚ ਨਾਮਜ਼ਦ ਕੀਤਾ ਜਾ ਰਿਹਾ ਹੈ।

ਭਾਰਤ ਦੀਆਂ ਏਜੰਸੀਆਂ ਸਿੱਖਾਂ ਦੇ ਹੱਕੀ ਸੰਘਰਸ਼ ਨੂੰ ਹਮੇਸ਼ਾ ਪਾਕਿਸਤਾਨ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਲਈ ਭਾਰਤੀ ਏਜੰਸੀਆਂ ਵੱਲੋਂ ਵੱਡਾ ਪੈਸਾ ਵੀ ਖਰਚਿਆ ਜਾਂਦਾ ਹੈ। ਇਸ ਦੀ ਤਾਜ਼ਾ ਉਦਾਰਹਨ ਕੈਨੇਡਾ ਵਿੱਚ ਇੱਕ ਸਾਬਕਾ ਪੱਤਰਕਾਰ ਦੀ ਲਿਖੀ ਰਿਪੋਰਟ ਵੀ ਹੈ ਜਿਸਨੇ ਮਨਘੜਤ ਬਿਆਨਬਾਜ਼ੀ ਅਤੇ ਤੱਥਾਂ ਨੂੰ ਤੋੜ ਮਰੋੜ ਕੇ ਸਿੱਖਾਂ ਦੀ ਅਜ਼ਾਦੀ ਲਹਿਰ ਨੂੰ ਪਾਕਿਸਤਾਨ ਦੀ ਭਾਰਤ ਖਿਲਾਫ ਸਾਜਿਸ਼ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਨੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ 53 ਵਿਦਵਾਨਾਂ ਨੇ ਇਸ ਰਿਪੋਰਟ ਦੇ ਝੂਠ ਨੂੰ ਦੁਨੀਆ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਸੀ।