India Punjab

ਦਿੱਲੀ ਮੋਰਚੇ ‘ਚ ਪੀਜ਼ਾ ਲੰਗਰ, ਬਾਬਿਆਂ ਲਈ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਤੇ ਨੌਜੁਆਨਾਂ ਲਈ ਜਿੰਮ ਵੇਖ ‘ਕੁਝ ਲੋਕਾਂ’ ਨੂੰ ਕਿਉਂ ਲੱਗੀਆਂ ਮਿਰਚਾਂ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਜਿਸ ਦੀਆਂ ਸੋਸ਼ਲ ਮੀਡੀਆ ’ਕੇ ਕਾਫੀ ਫੋਟੋਆਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਬੀਤੇ ਦਿਨ ਟਵਿੱਟਰ ’ਤੇ ਕਿਸਾਨਾਂ ਦਾ ‘ਪੀਜ਼ਾ’ ਟਰੈਂਡ ਕਰ ਰਿਹਾ ਸੀ। ਕਿਸਾਨ ਅੰਦੋਲਨ ’ਤੇ ਸਵਾਲ ਚੁੱਕਣ ਵਾਲੇ ਕੁਝ ਲੋਕ ਪੁੱਛ ਰਹੇ ਹਨ ਕਿ ਧਰਨਾ ਚੱਲ ਰਿਹਾ ਹੈ ਜਾਂ ਪੀਜ਼ਾ-ਪਾਰਟੀ? ਇੰਨਾ ਹੀ ਨਹੀਂ, ਧਰਨੇ ਵਿੱਚ ਬਜ਼ੁਰਗ ਕਿਸਾਨਾਂ ਲਈ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਅਤੇ ਨੌਜਵਾਨਾਂ ਲਈ ਜਿੰਮ ਦੀ ਵਿਵਸਥਾ ਵੀ ਕੀਤੀ ਗਈ ਹੈ, ਜਿਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ ’ਤੇ ਕਾਫੀ ਸਵਾਲ ਚੁੱਕੇ ਜਾ ਰਹੇ ਹਨ।

ਕੁਝ ਲੋਕ ਸੋਸ਼ਲ ਮੀਡੀਆ ’ਤੇ ਕਿਸਾਨਾਂ ਨੂੰ ਮੋਰਚੇ ਵਿੱਚ ਮਿਲ ਰਹੀਆਂ ਸੁਖ-ਸਹੂਲਤਾਂ ਵੇਖ ਕੇ ਕਾਫੀ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਸਭ ਸਹੂਲਤਾਂ ਦੀ ਫੰਡਿਗ ਕਿੱਥੋਂ ਹੋ ਰਹੀ ਹੈ। ਕੁਝ ਖ਼ਬਰ ਵੈਬਸਾਈਟਾਂ ਨੇ ਤਾਂ ਕਿਸਾਨਾਂ ਦੇ ਸਮਰਥਨ ਵਿੱਚ ਜੁਟੀ ਸੰਸਥਾ ਖ਼ਾਲਸਾ ਏਡ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਹੀ ਕੁਝ ਲੋਕਾਂ ਨੂੰ ਅਦਾਕਾਰ ਸਵਰਾ ਭਾਸਕਰ ਨੇ ਕਰਾਰਾ ਜਵਾਬ ਦਿੱਤਾ ਹੈ

ਅੰਦੋਲਨ ਵਿੱਚ ਹੋ ਰਹੀਆਂ ਤਿਆਰੀਆਂ ਵੇਖ ਕੇ ਲੱਗ ਰਿਹਾ ਹੈ ਕਿ ਕਿਸਾਨ ਲੰਮੇ ਸੰਘਰਸ਼ ਦੀ ਪੂਰੀ ਤਿਆਰੀ ’ਚ ਹਨ। ਇੱਕ ਪਾਸੇ ਜਿੱਥੇ ਲੰਗਰ ਵਾਸਤੇ ਰੋਟੀਆਂ ਪਕਾਉਣ ਦੀਆਂ ਮਸ਼ੀਨਾਂ ਲਾਈਆਂ ਗਈਆਂ ਹਨ ਅਤੇ ਕਈ ਕਿਸਾਨਾਂ ਨੇ ਸਿੰਘੂ ਬਾਰਡਰ ਨੇੜੇ ਪਈ ਖ਼ਾਲੀ ਜ਼ਮੀਨ ’ਤੇ ਸਬਜ਼ੀਆਂ ਉਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਉੱਧਰ ਗਾਜ਼ੀਪੁਰ ਬਾਰਡਰ ’ਤੇ ਵੀ ਕਿਸਾਨਾਂ ਲਈ ਰੋਟੀਆਂ ਪਕਾਉਣ ਵਾਲੀ ਮਸ਼ੀਨ ਲਾਈ ਗਈ ਹੈ।

ਹੁਣ ਨੌਜੁਆਨਾਂ ਨੂੰ ਤੰਦਰੁਸਤ ਰੱਖਣ ਲਈ ਇੱਕ ਜਿੰਮ ਵੀ ਬਣਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਹਿਲਾਂ ਖ਼ਬਰ ਆਈ ਸੀ ਕਿ ਸਿੰਘੂ ਬਾਰਡਰ ’ਤੇ ਬਜ਼ੁਰਗਾਂ ਦੀਆਂ ਥੱਕੀਆਂ ਲੱਤਾਂ ਨੂੰ ਆਰਾਮ ਦੇੇਣ ਲਈ ਖ਼ਾਲਸਾ ਏਡ ਵੱਲੋਂ ਲੱਤਾਂ ਘੁੱਟਣ ਵਾਲੀ ਮਸ਼ੀਨ ਵੀ ਲਾਈ ਗਈ ਹੈ।

ਖ਼ਬਰ ਏਜੰਸੀ ਏਐਨਆਈ ਦੀ ਇੱਕ ਖ਼ਬਰ ਅਨੁਸਾਰ ਮੋਰਚੇ ਵਿੱਚ ਬਣਾਈ ਇੱਕ ਆਰਜ਼ੀ ਜਿੰਮ ’ਚ ਰੂਪਨਗਰ ਦੇ ਜਸਪ੍ਰੀਤ ਸਿੰਘ ਨੇ ਕਿਹਾ, ‘ਅਸੀਂ ਰੋਜ਼ ਕਸਰਤ ਕਰਦੇ ਹੁੰਦੇ ਸੀ। ਇਸ ਲਈ ਅਸੀਂ ਇੱਥੇ ਹੀ ਜਿਮ ਬਣਾਉਣ ਦੀ ਸੋਚ ਲਈ। ਇੱਥੇ ਆ ਕੇ ਕੋਈ ਵੀ ਆਪਣੀ ਸਹੂਲਤ ਅਨੁਸਾਰ ਸਮੇਂ ’ਤੇ ਆ ਕੇ ਕਸਰਤ ਕਰ ਸਕਦਾ ਹੈ।’