India

ਹੁਣ ਦਿੱਲੀ ਦੇ ਜਹਾਜ਼ਾਂ ਨੂੰ ਪਿੱਛੇ ਛੱਡ, ਬੱਸਾਂ ਪਹੁੰਚਾਉਣਗੀਆਂ ਯਾਤਰੀਆਂ ਨੂੰ ਸਿੱਧਾ ਲੰਡਨ, ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਭਾਰਤ ਤੋਂ ਸੱਤ ਸਮੁੰਦਰੋਂ ਪਾਰ ਜਾਣ ਲਈ ਹਰ ਕਿਸੇ ਨੂੰ ਹਵਾਈ ਜਹਾਜ਼ ਜਾਂ ਸਮੁੰਦਰੀ ਜਹਾਜ਼ ਦੀ ਵਰਤੋਂ ਕਰਨੀ ਪੈਂਦੀ ਹੈ। ਪਰ ਜੇਕਰ ਤੁਹਾਨੂੰ ਇਹੀ ਯਾਤਰਾਂ ਇੱਕ ਬੱਸ ਰਾਹੀਂ ਕਰਨ ਦਾ ਮੌਕਾ ਮਿਲੇ ਤਾਂ…ਜੀ ਹਾਂ ਹੁਣ ਭਾਰਤ ‘ਚ ਤੁਸੀਂ ਸੜਕ ਜ਼ਰੀਏ ਦਿੱਲੀ ਤੋਂ ਲੰਡਨ ਜਾ ਸਕੋਗੇ। ਗੁਰੂਗ੍ਰਾਮ ਦੀ ਨਿੱਜੀ ਟ੍ਰੈਵਲਰ ਕੰਪਨੀ ਨੇ 15 ਅਗਸਤ ਨੂੰ ਇੱਕ ਬੱਸ ਲਾਂਚ ਕੀਤੀ ਹੈ, ਜਿਸ ਦਾ ਨਾਂ ‘ਬਸ ਟੂ ਲੰਡਨ’ ਰੱਖਿਆ ਗਿਆ ਹੈ। ਇਸ ਬੱਸ ਜ਼ਰੀਏ 70 ਦਿਨਾਂ ‘ਚ ਤੁਸੀਂ ਦਿੱਲੀ ਤੋਂ ਲੰਡਨ ਪਹੁੰਚ ਸਕਦੇ ਹੋ ਉਹ ਵੀ ਸੜਕ ਰਾਹੀਂ।

18 ਦੇਸ਼ਾਂ ਤੋਂ ਲੰਘ ਕੇ ਜਾਵੇਗੀ ਬੱਸ”

ਦਿੱਲੀ ਤੋਂ ਲੰਡਨ ਤੱਕ ਇਹ ਸਫਰ 70 ਦਿਨਾਂ ਦਾ ਹੋਵੇਗਾ। ਇਸ ਸਫਰ ‘ਚ 18 ਦੇਸ਼ਾਂ ‘ਚੋਂ ਲੰਘਣਾ ਪਵੇਗਾ। ਜਿਸ ‘ਚ ਭਾਰਤ, ਮਿਆਂਮਾਰ, ਥਾਈਲੈਂਡ, ਲਾਓਸ, ਚੀਨ, ਕਿਰਗਿਸਤਾਨ, ਉਜਬੇਕਿਸਤਾਨ, ਕਜਾਖਸਤਾਨ, ਰੂਸ, ਲਾਤਵੀਆ, ਲਿਥੁਆਨਿਆ, ਪੋਲੈਂਡ, ਚੈੱਕ ਰਿਪਬਲਿਕ, ਜਰਮਨੀ, ਨੀਦਰਲੈਂਡ, ਬੈਲਜੀਅਮ, ਫਰਾਂਸ ਤੇ ਯੂਨਾਈਟਡ ਕਿੰਗਡਮ ਯਾਨਿ ਲੰਡਨ ਹੋਣਗੇ।

ਇਹ ਲੋਕ ਪਹਿਲਾਂ ਸੜਕ ਜ਼ਰੀਏ ਜਾ ਚੁੱਕੇ ਹਨ ਲੰਡਨ:

ਦਿੱਲੀ ਦੇ ਰਹਿਣ ਵਾਲੇ ਦੋ ਵਿਅਕਤੀ ਤੁਸ਼ਾਰ ਤੇ ਸੰਜੇ ਮੈਦਾਨ ਪਹਿਲਾਂ ਵੀ ਸੜਕ ਜ਼ਰੀਏ ਲੰਡਨ ਜਾ ਚੁੱਕੇ ਹਨ। ਇਨ੍ਹਾਂ ਹੀ ਨਹੀਂ ਦੋਵਾਂ ਨੇ 2017,18 ਤੇ 19 ‘ਚ ਇੱਕ ਕਾਰ ਰਾਹੀਂ ਇਹ ਸਫ਼ਰ ਤੈਅ ਕੀਤਾ ਸੀ। ਉਸੇ ਤਰਜ ‘ਤੇ ਇਸ ਵਾਰ 20 ਲੋਕਾਂ ਨਾਲ ਇਹ ਸਫ਼ਰ ਬੱਸ ਰਾਹੀਂ ਪੂਰਾ ਕਰਨ ਦੀ ਯੋਜਨਾ ਬਣਾਈ ਗਈ ਹੈ।

‘ਬੱਸ ਟੂ ਲੰਡਨ’ ‘ਚ ਮਿਲਣਗੀਆਂ ਇਹ ਸੁਵਿਧਾਵਾਂ:

ਇਸ ਸਫ਼ਰ ‘ਚ ਤਹਾਨੂੰ ਹਰ ਸੁਵਿਧਾ ਦਿੱਤੀ ਜਾਵੇਗੀ। ਸਫ਼ਰ ਲਈ ਖਾਸ ਤਰੀਕੇ ਦੀ ਬੱਸ ਤਿਆਰ ਕੀਤੀ ਜਾ ਰਹੀ ਹੈ। 70 ਦਿਨਾਂ ਦੇ ਇਸ ਸਫ਼ਰ ਲਈ ਹਰ ਤਰ੍ਹਾਂ ਦੀ ਸੁਵਿਧਾ ਯਾਤਰੀਆਂ ਨੂੰ ਦਿੱਤੀ ਜਾਵੇਗੀ। ਚਾਰ ਜਾਂ ਪੰਜ ਸਿਤਾਰਾ ਹੋਟਲ ‘ਚ ਰੁਕਣ ਦੀ ਵਿਵਸਥਾ ਹੋਵੇਗੀ। ਯਾਤਰੀ ਜੇਕਰ ਹੋਰ ਦੇਸ਼ਾਂ ‘ਚ ਭਾਰਤੀ ਖਾਣੇ ਦਾ ਮਜ਼ਾ ਲੈਣਾ ਚਾਹੁਣਗੇ ਤਾਂ ਉਸ ਦੇ ਮੁਤਾਬਕ ਹੀ ਖਾਣਾ ਦਿੱਤਾ ਜਾਵੇਗਾ ਬੇਸ਼ੱਕ ਉਹ ਕੋਈ ਵੀ ਦੇਸ਼ ਹੋਵੇ।

ਇਸ ਬੱਸ ‘ਚ 20 ਸਵਾਰੀਆਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ। ਸਾਰੀਆਂ ਸੀਟਾਂ ਬਿਜ਼ਨਸ ਕਲਾਸ ਹੋਣਗੀਆਂ। 20 ਸੀਟਾਂ ਤੋਂ ਇਲਾਵਾ ਚਾਰ ਹੋਰ ਲੋਕ ਹੋਣਗੇ। ਜਿਸ ‘ਚ ਇਕ ਡਰਾਇਵਰ, ਇਕ ਅਸਿਸਟੈਂਟ ਡਰਾਇਵਰ ਤੇ ਇੱਕ ਆਰਗੇਨਾਇਜ਼ਰ ਵੱਲੋਂ ਵਿਅਕਤੀ ਤੇ ਇੱਕ ਗਾਈਡ ਹੋਵੇਗਾ। 18 ਦੇਸ਼ਾਂ ਦੇ ਇਸ ਸਫ਼ਰ ‘ਚ ਗਾਈਡ ਬਦਲਦੇ ਰਹਿਣਗੇ।

ਸਫ਼ਰ ਲਈ 10 ਦੇਸ਼ਾਂ ਦਾ ਵੀਜ਼ਾ ਹੋਵੇਗਾ ਲਾਜ਼ਮੀ:

ਇਸ ਸਫ਼ਰ ਲਈ ਇੱਕ ਵਿਅਕਤੀ ਨੂੰ 10 ਦੇਸ਼ਾਂ ਦਾ ਵੀਜ਼ਾ ਲਵਾਉਣਾ ਪਵੇਗਾ। ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਟ੍ਰੈਵਲਰ ਕੰਪਨੀ ਹੀ ਵੀਜ਼ਾ ਦਾ ਪੂਰਾ ਇੰਤਜ਼ਾਮ ਕਰੇਗੀ। ਦਿੱਲੀ ਤੋਂ ਲੰਡਨ ਤੱਕ ਦੇ ਸਫ਼ਰ ਲਈ ਤਹਾਨੂੰ 15 ਲੱਖ ਰੁਪਏ ਖਰਚਣੇ ਪੈਣਗੇ। ਇਸ ਟੂਰ ਲਈ EMI ਦੀ ਆਪਸ਼ਨ ਵੀ ਦਿੱਤੀ ਜਾਵੇਗੀ।

ਮਈ 2021 ਤੋਂ ਹੋ ਸਕਦੀ ਸ਼ੁਰੂਆਤ:

‘ਐਡਵੈਂਚਰ ਓਵਰਲੈਂਡ ਟ੍ਰੈਵਲਰ’ ਕੰਪਨੀ ਦੇ ਫਾਊਂਡਰ ਤੁਸ਼ਾਰ ਅਗਰਵਾਲ ਨੇ ਦੱਸਿਆ, ‘ਮੈਂ ਤੇ ਮੇਰੇ ਸਾਥੀ ਸੰਜੇ ਮੈਦਾਨ 2017 ਤੋਂ 19 ਤੱਕ ਕਾਰ ਰਾਹੀਂ ਦਿੱਲੀ ਤੋਂ ਲੰਡਨ ਗਏ ਸੀ। ਸਾਡੇ ਨਾਲ ਕੁੱਝ ਹੋਰ ਸਾਥੀ ਵੀ ਸਨ। ਅਸੀ ਹਰ ਸਾਲ ਇਸ ਤਰ੍ਹਾਂ ਦਾ ਟੂਰ ਬਣਾਉਂਦੇ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕਈ ਲੋਕਾਂ ਨੇ ਇਸ ਪਲਾਨ ‘ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਤੋਂ ਬਾਅਦ ਹੀ ਇਹ ਬੱਸ ਦਾ ਪਲਾਨ ਬਣਾਇਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਮਈ 20021 ਤੱਕ ਇਹ ਸਫ਼ਰ ਸ਼ੁਰੂ ਹੋ ਸਕਦਾ ਹੈ।

ਫਿਲਹਾਲ ਕੋਰੋਨਾ ਕਾਰਨ ਇਸ ਸਫ਼ਰ ਦੀ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਕੀਤੀ। ਭਾਰਤ ਤੇ ਹੋਰ ਦੇਸ਼ਾਂ ਦੇ ਹਾਲਾਤ ਦੇਖਣ ਤੋਂ ਬਾਅਦ ਹੀ ਸ਼ੁਰੂਆਤ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਇਸ ਸਫ਼ਰ ਲਈ ਪੈਸ਼ਨੇਟ ਹੋਣਾ ਬਹੁਤ ਜ਼ਰੂਰੀ ਹੈ। ਦੁਨੀਆਂ ਘੁੰਮਣ ਦਾ ਸ਼ੌਕ ਹੋਵੇਗਾ ਤਾਂ ਹੀ ਕੋਈ ਇਸ ਸਫ਼ਰ ‘ਚ ਸ਼ਾਮਲ ਹੋਵੇਗਾ।