India

ਕੋਰੋਨਾ ਦੀ ਕੇਂਦਰੀ ਕੈਬਨਿਟ ‘ਚ ਦਸਤਕ, ਮੰਤਰੀਆਂ ਦੀ ਕੋਰੋਨਾ ਜਾਂਚ ਕੀਤੀ ਲਾਜ਼ਮੀ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਨੇ ਦੇਸ਼ ਦੀ ਕੇਂਦਰੀ ਕੈਬਨਿਟ ‘ਚ ਦਸਤਕ ਦੇ ਦਿੱਤੀ ਹੈ। 2 ਅਗਸਤ, 2020 ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਮਿਤ ਸ਼ਾਹ 29 ਜੁਲਾਈ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਮੌਜੂਦ ਸਨ। ਇਸ ਬੈਠਕ ਵਿੱਚ ਨਵੀਂ ਸਿੱਖਿਆ ਨੀਤੀ ਨੂੰ ਹਰੀ ਝੰਡੀ ਦਿੱਤੀ ਗਈ ਸੀ।

ਇਸ ਬੈਠਕ ਦੌਰਾਨ ਸਾਰੇ ਮੰਤਰੀਆਂ ਨੇ ਮਾਸਕ ਪਹਿਨਿਆ ਹੋਇਆ ਸੀ ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਿਆ ਗਿਆ ਸੀ। ਗ੍ਰਹਿ ਮੰਤਰਾਲੇ ਦੇ ਹੁਕਮਾਂ ਮੁਤਾਬਕ ਸਾਰੇ ਮੰਤਰੀਆਂ ਨੂੰ ਆਈਸੋਲੇਸ਼ਨ ਹੋ ਕੇ ਕੋਰੋਨਾ ਟੈਸਟ ਕਰਾਉਣਾ ਪਵੇਗਾ। ਅਮਿਤ ਸ਼ਾਹ ਨੇ ਵੀ ਹਸਪਤਾਲ ਭਰਤੀ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਨੂੰ ਆਈਸੋਲੇਸ਼ਨ ‘ਚ ਜਾਣ ਤੇ ਟੈਸਟ ਕਰਾਉਣ ਦੀ ਸਲਾਹ ਦਿੱਤੀ ਸੀ।

ਸਿਹਤ ਅਧਿਕਾਰੀਆਂ ਮੁਤਾਬਕ ਸਾਰਿਆਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਮਿਤ ਸ਼ਾਹ ਇਸ ਤੋਂ ਪਹਿਲਾਂ 1 ਅਗਸਤ ਨੂੰ ਬਾਲ ਗੰਗਾਧਰ ਤਿਲਕ ਦੀ 100ਵੀਂ ਬਰਸੀ ‘ਚ ਵੀ ਗਏ ਸਨ। ਇਸ ਮੌਕੇ ਅਮਿਤ ਸ਼ਾਹ ਦੇ ਨਾਲ ਮੰਚ ‘ਤੇ ਕਈ ਲੋਕ ਮੌਜੂਦ ਸਨ।

ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦਯੁਰੱਪਾ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਯੇਦਯੁਰੱਪਾ ਨੇ ਕਿਹਾ ਕਿ ਉਹ ਠੀਕ ਹਨ ਅਤੇ ਡਾਕਟਰਾਂ ਦੀ ਸਲਾਹ ‘ਤੇ ਹਸਪਤਾਲ ਭਰਤੀ ਹੋਣ ਜਾ ਰਹੇ ਹਨ।