Punjab

ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਅਦਾਇਗੀ ਦੇ ਦਾਅਵੇ ਨਿਕਲੇ ਖੋਖਲੇ

‘ਦ ਖ਼ਾਲਸ ਬਿਊਰੋ :- ਪੰਜਾਬ ਦੀਆਂ ਮੰਡੀਆਂ ‘ਚ ਖ਼ਰੀਦੇ ਝੋਨੇ ਦੀ ਅਦਾਇਗੀ 48 ਤੋਂ 72 ਘੰਟਿਆਂ ਦੇ ਅੰਦਰ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਦੱਸਣਯੋਗ ਹੈ ਕਿ 28 ਸਤੰਬਰ ਤੋਂ ਝੋਨੇ ਦੀ ਖ਼ਰੀਦ ਅਰੰਭ ਹੋਈ ਸੀ। ਖੰਨਾ ਮੰਡੀ ਵਿੱਚ ਬੀਤੀ ਸ਼ਾਮ ਤੱਕ 5,50,261 ਕੁਇੰਟਲ ਝੋਨਾ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦਿਆ ਜਾ ਚੁੱਕਾ ਹੈ ਪਰ 15 ਦਿਨਾਂ ਤੋਂ ਸਰਕਾਰ ਵੱਲੋਂ ਖ਼ਰੀਦੇ ਝੋਨੇ ਦਾ ਇੱਕ ਵੀ ਪੈਸਾ ਮੰਡੀ ਵਿੱਚ ਨਹੀਂ ਭੇਜਿਆ ਗਿਆ।

ਸਰਕਾਰ ਵੱਲ ਇਹ ਰਾਸ਼ੀ ਸਾਢੇ 10 ਕਰੋੜ ਰੁਪਏ ਬਣਦੀ ਹੈ। ਅਦਾਇਗੀ ਨਾ ਹੋਣ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ ਹਨ। ਮੰਡੀ ਵਿੱਚ ਲਿਫ਼ਟਿੰਗ ਦੀ ਚਾਲ ਵੀ ਬੜੀ ਮੱਧਮ ਹੈ। ਮੰਡੀ ਵਿਚ ਖ਼ਰੀਦਿਆ ਡੇਢ ਲੱਖ ਕੁਇੰਟਲ ਤੋਂ ਵਧੇਰੇ ਝੋਨਾ ਅੱਜ ਵੀ ਪਿਆ ਹੈ, ਜਿਸ ਕਾਰਨ ਮੰਡੀ ਵਿੱਚ ਹੋਰ ਪੁੱਜ ਰਹੇ ਝੋਨੇ ਨੂੰ ਢੇਰੀ ਕਰਨ ਵਿੱਚ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ। ਮੰਡੀ ਵਿੱਚ 40 ਹਜ਼ਾਰ ਕੁਇੰਟਲ ਝੋਨਾ ਪਿਆ ਹੈ, ਜਿਸਦੀ ਖ਼ਰੀਦ ਅਜੇ ਹੋਣੀ ਹੈ। 5,50,261 ਝੋਨੇ ਵਿਚੋਂ ਸਭ ਤੋਂ ਵਧੇਰੇ ਖ਼ਰੀਦ ਪਨਗ੍ਰੇਨ ਨੇ ਕੀਤੀ ਹੈ, ਜੋ 2,81,245 ਕੁਇੰਟਲ ਹੈ, ਜਦੋਂ ਕਿ ਮਾਰਕਫ਼ੈਡ ਵੱਲੋਂ 1,03,359 ਕੁਇੰਟਲ, ਪਨਸਪ ਵੱਲੋਂ 1,00,694 ਕੁਇੰਟਲ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 63,963 ਕੁਇੰਟਲ ਦੀ ਖ਼ਰੀਦ ਕੀਤੀ ਗਈ ਹੈ। FCI ਵੱਲੋਂ ਇ$ਕ ਵੀ ਦਾਣਾ ਨਹੀਂ ਖ਼ਰੀਦਿਆ ਗਿਆ, ਅਤੇ ਨਾ ਹੀ ਪ੍ਰਾਈਵੇਟ ਅਦਾਰਿਆਂ ਵੱਲੋਂ ਕੋਈ ਖ਼ਰੀਦ ਹੋਈ।