‘ਦ ਖ਼ਾਲਸ ਬਿਊਰੋ:- ਅਮਰੀਕਾ ਦੇ ਸਿਹਤ ਮੰਤਰੀ ਅਲੈਕਸ ਅਜ਼ਾਰ 9 ਅਗਸਤ ਨੂੰ ਤਾਇਵਾਨ ਦੇ ਦੌਰੇ ‘ਤੇ ਗਏ ਪਰ ਅਜ਼ਾਰ ਦੀ ਇਸ ਤਾਇਵਾਨ ਫੇਰੀ ’ਤੇ ਚੀਨ ਨੇ ਤਿੱਖਾ ਕੂਟਨੀਤਕ ਵਿਰੋਧ ਪ੍ਰਗਟਾਇਆ ਹੈ। ਅਜ਼ਾਰ ਨੇ ਆਪਣੀ ਤਿੰਨ ਰੋਜ਼ਾ ਫੇਰੀ ਦੀ ਸ਼ੁਰੂਆਤ ਤਾਇਵਾਨ ਦੀ ਰਾਸ਼ਟਰਪਤੀ ਤਾਇ ਇੰਗ-ਵਿਨ ਨਾਲ ਮੁਲਾਕਾਤ ਕਰਕੇ ਕੀਤੀ। ਖ਼ੁਦਮੁਖਤਿਆਰ ਟਾਪੂ ਤਾਇਵਾਨ ਨੂੰ ਆਪਣਾ ਹਿੱਸਾ ਮੰਨਣ ਵਾਲਾ ਚੀਨ ਕਿਸੇ ਵੀ ਉੱਚ-ਪੱਧਰੀ ਵਿਦੇਸ਼ੀ ਆਗੂ ਦੀ ਤਾਇਵਾਨ ਦੇ ਆਗੂਆਂ ਨਾਲ ਮੁਲਾਕਾਤ ਦਾ ਖੁੱਲ੍ਹੇਆਮ ਵਿਰੋਧ ਕਰਦਾ ਹੈ। ਚੀਨ ਨੇ ਇਸ ਫੇਰੀ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਤਾਇਵਾਨ ਦੇ ਹਵਾਈ ਖੇਤਰ ਤੋਂ ਆਪਣੇ ਲੜਾਕੂ ਜਹਾਜ਼ ਲੰਘਾਏ ਹਨ।

ਅਜ਼ਾਰ ਦੀ ਤਾਇਵਾਨ ਵਿੱਚ ਫੇਰੀ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਦੌਰਾਨ ਹੋਈ ਹੈ, ਜਿਸ ਕਰਕੇ ਚੀਨ ਨੇ ਇਸਦਾ ਤਿੱਖਾ ਵਿਰੋਧ ਕੀਤਾ ਹੈ। ਤਾਇਵਾਨ ਦੀ ਰਾਸ਼ਟਰਪਤੀ ਤਾਇ ਇੰਗ-ਵਿਨ ਨੇ ਕਿਹਾ ਕਿ ਅਜ਼ਾਰ ਦੀ ਇਸ ਫੇਰੀ ਨਾਲ ਤਾਇਵਾਨ-ਅਮਰੀਕਾ ਸਬੰਧਾਂ ਦੀ ਨਵੀਂ ਸ਼ੁਰੂਆਤ ਹੋਵੇਗੀ। ਉਨ੍ਹਾਂ ਵਾਸ਼ਿੰਗਟਨ ਅਤੇ ਤਾਇਪੇਈ ਵਿਚਾਲੇ ਸਹਿਯੋਗ ਦੀਆਂ ਵਧੇਰੇ ਸੰਭਾਵਨਾਵਾਂ ਦੀ ਇੱਛਾ ਜਤਾਈ ਹੈ।

ਪੇਈਚਿੰਗ ਨੇ ਇਸ ਫੇਰੀ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਸ ਫੇਰੀ ਨਾਲ ਅਮਰੀਕਾ ਨੇ ‘ਵਨ-ਚਾਇਨਾ ਪਾਲਿਸੀ’ ਪ੍ਰਤੀ ਵਚਨਬੱਧਤਾ ਦੀ ਉਲੰਘਣਾ ਕੀਤੀ ਹੈ। ਇਸ ਨੀਤੀ ਤਹਿਤ ਤਾਇਵਾਨ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਜ਼ਹਾਓ ਲਿਜੀਆਨ ਨੇ ਕਿਹਾ ਕਿ ਅਮਰੀਕਾ ਅਤੇ ਤਾਇਵਾਨ ਵਿਚਾਲੇ ਅਧਿਕਾਰਤ ਰਿਸ਼ਤਿਆਂ ਦਾ ਚੀਨ ਕਰੜਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਅਮਰੀਕਾ ਕੋਲ ਇਸਦਾ ਸਖ਼ਤ ਵਿਰੋਧ ਪ੍ਰਗਟਾਇਆ ਹੈ।’’

Leave a Reply

Your email address will not be published. Required fields are marked *