Punjab

ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਜਲਦ ਜਾਂਚ ਕਰਕੇ ਚਲਾਨ ਪੇਸ਼ ਕਰਨ ਦੇ ਦਿੱਤੇ ਹੁਕਮ

‘ਦ ਖ਼ਾਲਸ ਬਿਊਰੋ:- ਹੁਸ਼ਿਆਰਪੁਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਵਿੱਚ ਇੱਕ ਵਿਅਕਤੀ ਵੱਲੋਂ 6 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਦੀ ਵਾਰਦਾਤ ਸਾਹਮਣੇ ਆਈ ਹੈ। ਬੱਚੀ ਨੂੰ ਆਪਣੇ ਨਾਲ ਲਿਜਾਉਂਦੇ ਹੋਏ ਇਸ ਸ਼ਖ਼ਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਹ ਖ਼ਬਰ ਸੁਣੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਸ ਘਟਨਾ ‘ਤੇ ਤੁਰੰਤ ਸਖ਼ਤ ਐਕਸ਼ਨ ਲੈਣ ਦੇ ਹੁਕਮ ਦਿੱਤੇ।

ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ‘ਤੇ ਫ਼ੌਰਨ ਡੀਜੀਪੀ ਨੂੰ ਐਕਸ਼ਨ ਲੈਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ‘6 ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਹੈਰਾਨ ਕਰਨ ਵਾਲੀ ਵਾਰਦਾਤ ਹੈ। ਹਾਲਾਂਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਮੈਂ ਡੀਜੀਪੀ ਪੰਜਾਬ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਇਸ ਮਾਮਲੇ ਵਿੱਚ ਪੂਰੀ ਜਾਂਚ ਹੋਵੇ। ਜਲਦ ਤੋਂ ਜਲਦ ਚਲਾਨ ਪੇਸ਼ ਕੀਤਾ ਜਾਵੇ, ਫਾਸਟ ਟਰਾਇਲ ਚਲਾ ਕੇ ਕੋਰਟ ਵੱਲੋਂ ਜਲਦ ਤੋਂ ਜਲਦ ਸਜ਼ਾ ਦਵਾਈ ਜਾਵੇ’।

 ਬਲਾਤਕਾਰ ਦੇ ਮਾਮਲੇ CM ਕੈਪਟਨ ਦੀ ਹਾਈਕੋਰਟ ਨੂੰ ਚਿੱਠੀ

7 ਜੂਨ 2019 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਬਰ ਜ਼ਿਨਾਹ ਦੇ ਮਾਮਲੇ ਵਿੱਚ ਜਲਦ ਸੁਣਵਾਈ ਪੂਰੀ ਕਰਨ ਦੇ ਲਈ ਤਤਕਾਲੀ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਚਿੱਠੀ ਲਿਖੀ ਸੀ, ਜਿਸ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਵੱਲੋਂ ਅਜਿਹੇ ਮਾਮਲਿਆਂ ਵਿੱਚ ਜਲਦ ਤੋਂ ਜਲਦ ਚਲਾਨ ਪੇਸ਼ ਕੀਤਾ ਜਾਂਦਾ ਹੈ ਪਰ ਇਸ ਦੇ ਟਰਾਇਲ ਵਿੱਚ ਹੋ ਰਹੀ ਦੇਰੀ ਦੀ ਵਜ੍ਹਾ ਕਰਕੇ ਪੀੜਤ ਪਰਿਵਾਰ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਹਾਈਕੋਰਟ ਇੰਨਾਂ ਮਾਮਲਿਆਂ ਦੀ ਸੰਜੀਦਗੀ ਨੂੰ ਵੇਖਦੇ ਹੋਏ ਇਸ ਦੇ ਫਾਸਟ ਟਰਾਇਲ ਦੀ ਪ੍ਰਕਿਆ ਲਈ ਕੁੱਝ ਗਾਈਡਲਾਈਨ ਜਾਰੀ ਕਰੇ।