India

ਰਿਆ ਚੱਕਰਵਰਤੀ ਦੇ ਪੱਖ ‘ਚ ਆਈਆਂ ਬਾਲੀਵੁੱਡ ਹਸਤੀਆਂ, ਰਿਆ ਨਾਲ ਮੀਡੀਆ ਦੇ ਵਤੀਰੇ ਦੀ ਕੀਤੀ ਨਿੰਦਾ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਫਿਲਮ ਜਗਤ ਤੋਂ ਲੈ ਕੇ ਪੂਰੀ ਮੁਬੰਈ ਹਿੱਲ ਚੁੱਕੀ ਹੈ। ਇਸ ਕੇਸ ਦੀ ਗੁੱਥੀ ਦਿਨੋਂ-ਦਿਨ ਉਲਜਦੀ ਹੀ ਜਾ ਰਹੀ ਹੈ, ਜਿਸ ‘ਤੇ ਹੁਣ ਫਿਲਮ ਨਿਰਮਾਤਾ ਮੀਰਾ ਨਾਇਰ, ਫਰਹਾਨ ਅਖ਼ਤਰ, ਅਨੁਰਾਗ ਕਸ਼ਯਪ ਤੇ ਅਦਾਕਾਰਾ ਸੋਨਮ ਕਪੂਰ ਉਨ੍ਹਾਂ 2500 ਤੋਂ ਵੱਧ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਸੁਸ਼ਾਂਤ ਕੇਸ ਦੀ ਕਵਰੇਜ ਦੌਰਾਨ ਰਿਆ ਚੱਕਰਵਰਤੀ ਨਾਲ ਮੀਡੀਆ ਦੇ ਵਤੀਰੇ ਦੀ ਨਿੰਦਾ ਕੀਤੀ ਹੈ ਅਤੇ ਮੀਡੀਆ ਖ਼ਿਲਾਫ਼ ਇੱਕ ਖੁੱਲ੍ਹੀ ਚਿੱਠੀ ‘ਤੇ ਦਸਤਖ਼ਤ ਕੀਤੇ ਹਨ।

ਖ਼ਬਰ ਏਜੰਸੀ PTI ਮੁਤਾਬਕ ਫਰੀਦਾ ਪਿੰਟੋ, ਜ਼ੋਇਆ ਅਖ਼ਤਰ, ਅਲੰਕ੍ਰਿਤਾ ਸ਼੍ਰੀਵਾਸਤਵ, ਗੌਰੀ ਸ਼ਿੰਦੇ, ਰੀਮਾ ਕਾਗਤੀ, ਰੁਚੀ ਨਰਾਇਣ, ਰਸਿਕਾ ਦੁੱਗਲ, ਨਿਤਿਆ ਮਹਿਰਾ, ਅਮਰੁਤਾ ਸੁਭਾਸ਼, ਮਿਨੀ ਮਾਥੁਰ, ਦਿਆ ਮਿਰਜ਼ਾ ਤੇ ਕੁਬੱਰਾ ਸੈਤ ਵਰਗੀਆਂ ਫਿਲਮੀ ਹਸਤੀਆਂ ਨੇ ਵੀ ਇਸ ਪੱਤਰ ‘ਤੇ ਹਸਤਾਖ਼ਰ ਕੀਤੇ ਹਨ।

ਇਸ ਖੁੱਲੀ ਚਿੱਠੀ ‘ਚ ਉਨ੍ਹਾਂ ਕਿਹਾ ਕਿ ਮੀਡੀਆ ਖ਼ਬਰਾਂ ਦੀ ਭਾਲ ਕਰੇ ਨਾ ਕਿ ਔਰਤਾਂ ਦੀ ਹੰਟਿਗ (ਸ਼ਿਕਾਰ)। ਰਿਆ, ਜਿਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸੁਸ਼ਾਂਤ ਦੀ ਮੌਤ ਦੇ ਕੇਸ ਵਿੱਚ ਨਸ਼ਿਆਂ ਨਾਲ ਸੰਬੰਧਤ ਆਰੋਪਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ, ਉਸ ਦੇ ਖ਼ਿਲਾਫ਼ ਇੱਕ ਪੂਰੀ ਮੁਹਿੰਮ ਚੱਲੀ ਹੋਈ ਹੈ। ਇਹ ਖੁੱਲਾ ਪੱਤਰ ਫੇਮੀਨਿਸਟ ਵੌਇਸਜ਼ ਨਾਮਕ ਇੱਕ ਬਲਾੱਗ ‘ਤੇ ਪ੍ਰਕਾਸ਼ਤ ਹੋਇਆ ਹੈ।

ਕੀ ਲਿਖਿਆ ਹੈ ਇਸ ਖੁੱਲੇ ਪੱਤਰ ‘ਚ

“ਭਾਰਤ ਦੇ ਪਿਆਰੇ ਨਿਊਜ਼ ਮੀਡੀਆ। ਅਸੀਂ ਤੁਹਾਡੇ ਬਾਰੇ ਚਿੰਤਤ ਹਾਂ। ਕੀ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ? ਕਿਉਂਕਿ, ਜਿਵੇਂ ਕਿ ਅਸੀਂ ਰਿਆ ਚੱਕਰਵਰਤੀ ਬਾਰੇ ਕੀਤੇ ਤੁਹਾਡੇ ‘ਵਿਚ ਹੰਟ’ (witch hunt) ਨੂੰ ਵੇਖਦੇ ਹਾਂ, ਅਸੀਂ ਇਹ ਨਹੀਂ ਸਮਝ ਪਾ ਰਹੇ ਹਾਂ ਕਿ ਤੁਸੀਂ ਕਿਉਂ ਪੱਤਰਕਾਰੀ ਦੀ ਹਰ ਪੇਸ਼ੇਵਰ ਨੈਤਿਕਤਾ, ਮਨੁੱਖੀ ਸ਼ਿਸ਼ਟਾਚਾਰ ਅਤੇ ਸਤਿਕਾਰ ਨੂੰ ਛੱਡ ਦਿੱਤਾ ਹੈ ਅਤੇ ਆਪਣੇ ਕੈਮਰੇ ਦੇ ਅਮਲੇ ਨਾਲ ਇੱਕ ਕੁੜੀ ‘ਤੇ ਸਰੀਰਕ ਤੌਰ ‘ਤੇ ਹਮਲਾ ਕਰ ਰਹੇ ਹੋ, ਉਸ ਦੀ ਨਿਰੰਤਰ ਨਿੱਜਤਾ ਨੂੰ ਲੰਘ ਰਹੇ ਹੋ ਅਤੇ ‘ਰਿਆ ਨੂੰ ਫਸਾਓ’ ਦੇ ਡਰਾਮੇ ਲਈ ਝੂਠੇ ਇਲਜ਼ਾਮਾਂ ਦੀ ਝੜੀ ਲਗਾ ਰਹੇ ਹੋ।”

ਰਿਆ

ਹਸਤਾਖ਼ਰ ਕਰਨ ਵਾਲਿਆਂ ਅਦਾਕਾਰ ਤੇ ਨਿਰਮਾਤਾਵਾਂ ਨੇ ਕਿਹਾ ਕਿ ਮੀਡੀਆ ਇਸ ਮਾਮਲੇ ‘ਚ ਇੱਕ ਜਵਾਨ ਔਰਤ ਦੇ ਚਰਿੱਤਰ ਨੂੰ ਲੈ ਕੇ ਇੱਕ ਅਜਿਹਾ ਬਿਰਤਾਂਤ ਰੱਚ ਰਿਹਾ ਹੈ, ਕਿਉਂਕਿ ਉਹ ‘ਵਿਚਾਰੀ’ ਬਨਣ ਦੀ ਥਾਂ ਆਪਣੇ ਲਈ ਬੋਲ ਰਹੀ ਹੈ। ਅਦਾਕਾਰ ਸਲਮਾਨ ਖਾਨ ਤੇ ਸੰਜੇ ਦੱਤ ਦੇ ਕੇਸਾਂ ਦੀ ਕਵਰੇਜ ਦਾ ਹਵਾਲਾ ਦਿੰਦਿਆ ਪੱਤਰ ‘ਚ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਰਿਆ ਪ੍ਰਤੀ ਵੀ ਉਹੋ ਜਿਹੀ ਦਿਆਲਤਾ ਤੇ ਸਤਿਕਾਰ ਦਿਖਾਉਣ।

ਪੱਤਰ ਵਿੱਚ ਲਿਖਿਆ ਹੈ, “ਅਸੀਂ ਜਾਣਦੇ ਹਾਂ ਕਿ ਤੁਸੀਂ ਵੱਖਰੇ ਹੋ ਸਕਦੇ ਹੋ – ਕਿਉਂਕਿ ਅਸੀਂ ਤੁਹਾਨੂੰ ਸਲਮਾਨ ਖਾਨ ਤੇ ਸੰਜੇ ਦੱਤ ਪ੍ਰਤੀ ਦਿਆਲੂ ਤੇ ਸਤਿਕਾਰ ਭਰੇ ਹੁੰਦੇ ਵੇਖਿਆ ਹੈ, ਅਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰਾਂ, ਪ੍ਰਸ਼ੰਸਕਾਂ ਤੇ ਕਰੀਅਰ ਬਾਰੇ ਸੋਚਣ ਦੀ ਅਪੀਲ ਕਰ ਰਹੇ ਹਾਂ।” ਅਤੇ ਅਸੀਂ ਤੁਹਾਨੂੰ ਰਿਆ ਚੱਕਰਵਰਤੀ ਦੇ ਨਾਲ ਕੀਤੇ ਜਾ ਰਹੇ ਇਸ ਨਾਜਾਇਜ਼ ‘ਵਿਚ ਹੰਟ’ ਨੂੰ ਰੋਕਣ ਲਈ ਲਿਖ ਰਹੇ ਹਾਂ… ਅਸੀਂ ਤੁਹਾਨੂੰ ਸਹੀ ਤੇ ਜ਼ਿੰਮੇਵਾਰ ਕੰਮ ਕਰਨ ਲਈ ਕਹਿਣ ਲਈ ਲਿਖ ਰਹੇ ਹਾਂ। ਤੁਹਾਡਾ ਕੰਮ…ਖਬਰਾਂ ਦੀ ‘ਹੰਟਿਗ’ (ਭਾਲ) ਕਰਨਾ ਹੈ, ਔਰਤਾਂ ਦੀ ਹੰਟਿਗ (ਸ਼ਿਕਾਰ) ਕਰਨਾ ਨਹੀਂ।