Punjab

ਅੰਮ੍ਰਿਤਸਰ ‘ਚ ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ

‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਜ਼ਿਲ੍ਹੇ ਦੇ ਚਾਟੀਵਿੰਡ ਥਾਣੇ ਅਧੀਨ ਆਉਂਦੇ ਪਿੰਡ ਇੱਬਨ ਕਲਾਂ ਦੀ ਇੱਕ ਲਾਇਸੰਸੀ ਪਟਾਕਾ ਫ਼ੈਕਟਰੀ ਵਿੱਚ ਅੱਜ ਸਵੇਰੇ ਅਚਾਨਕ ਧਮਾਕਾ ਹੋਇਆ। ਜਾਣਕਾਰੀ ਮੁਤਾਬਿਕ ਇਹ ਧਮਾਕਾ ਸ਼ਾਰਟ ਸਰਕਟ ਦੇ ਨਾਲ ਹੋਈ ਸਪਾਰਕਿੰਗ ਤੋਂ ਹੋਇਆ ਹੈ।

ਜਿਸ ਸਮੇਂ ਇਹ ਧਮਾਕਾ ਹੋਇਆ ਤਾਂ ਉਸ ਵੇਲੇ ਫੈਕਟਰੀ ਦੇ ਵਿੱਚ ਦੋ ਤਿੰਨ ਹੀ ਮੁਲਾਜ਼ਮ ਮੌਜੂਦ ਸਨ। ਜਦੋਂ ਫੈਕਟਰੀ ਦੇ ਵਿੱਚ ਪਹਿਲਾ ਧਮਾਕਾ ਹੋਇਆ ਤਾਂ ਉਹ ਸਾਰੇ ਬਾਹਰ ਦੌੜ ਗਏ, ਇਸ ਤੋਂ ਬਾਅਦ ਤਿੰਨ ਚਾਰ ਧਮਾਕੇ ਫੈਕਟਰੀ ਦੇ ਵਿੱਚ ਲਗਾਤਾਰ ਹੋਏ।

ਇਹ ਫੈਕਟਰੀ ਪਿੰਡ ਦੇ ਬਾਹਰ ਤਲਵਿੰਦਰ ਸਿੰਘ ਜੌਲੀ ਦੇ ਨਾਂਅ ‘ਤੇ ਖੇਤੀ ਦੀ ਜ਼ਮੀਨ ਵਿੱਚ ਸਥਿਤ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਫ਼ੈਕਟਰੀ ਦੇ ਵਿੱਚ ਤਿੰਨ ਸਾਲ ਪਹਿਲਾਂ ਵੀ ਧਮਾਕਾ ਹੋਇਆ ਸੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਫੈਕਟਰੀ ਨੂੰ ਪਿੰਡ ‘ਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਕੋਈ ਵੀ ਇੰਸਪੈਕਟਰ ਇਸ ਫੈਕਟਰੀ ਦੀ ਜਾਂਚ ਕਰਨ ਲਈ ਨਹੀਂ ਆਇਆ।

ਹਾਦਸੇ ‘ਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਵੇਲੇ ਵੀ ਫੈਕਟਰੀ ਦੇ ਵਿੱਚ ਧਮਾਕੇ ਹੋ ਰਹੇ ਸਨ। ਇਸ ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫੈਕਟਰੀ ਮਾਲਕ ਕੋਲੋਂ ਲਾਇਸੰਸ ਮੰਗਵਾ ਕੇ ਸਾਰੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਦੇ ਪਿੱਛੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।