‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ‘ਤੇ ਮੁਆਫੀ ਮੰਗ ਲਈ ਹੈ। ਗਰੇਵਾਲ ਨੇ ਜਥੇਦਾਰ ਨੂੰ ਮਾਨਸਿਕ ਤੌਰ ‘ਤੇ ਬਿਮਾਰ ਕਹਿਣ ਵਾਲੇ ਬਿਆਨ ‘ਤੇ ਨਿੱਜੀ ਟੀਵੀ ਚੈਨਲਾਂ ‘ਤੇ ਮੁਆਫੀ ਮੰਗਦਿਆਂ ਕਿਹਾ ਕਿ ‘ਮੈਂ ਹਰ ਧਾਰਮਿਕ ਸਜ਼ਾ ਲਈ ਤਿਆਰ ਹਾਂ। ਜੇ ਮੈਨੂੰ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਦੇ ਹਨ ਤਾਂ ਮੈਂ ਜ਼ਰੂਰ ਜਾਵਾਂਗਾ। ਪਰ ਜਥੇਦਾਰ ਅਕਾਲੀ ਦਲ ਦੇ ਬੁਲਾਰੇ ਹਨ, ਇਸ ਬਿਆਨ ‘ਤੇ ਮੈਂ ਅਜੇ ਵੀ ਕਾਇਮ ਹਾਂ’। ਉਨ੍ਹਾਂ ਕਿਹਾ ਕਿ ‘ਜਥੇਦਾਰ ਮੇਰੇ ਤੋਂ ਸਪੱਸ਼ਟੀਕਰਨ ਮੰਗ ਸਕਦੇ ਹਨ ਅਤੇ ਮੈਂ ਬਤੌਰ ਸਿੱਖ ਹਰ ਧਾਰਮਿਕ ਸਜ਼ਾ ਲਈ ਤਿਆਰ ਹਾਂ ਅਤੇ ਮੈਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਸਿਰ-ਮੱਥੇ ਹੈ ਪਰ ਅਕਾਲੀ ਦਲ ਦੇ ਬੁਲਾਰੇ ਬਣ ਕੇ ਜਥੇਦਾਰ ਬਿਆਨ ਦੇ ਰਹੇ ਹਨ, ਇਸ ਗੱਲ ‘ਤੇ ਮੈਂ ਅਜੇ ਵੀ ਕਾਇਮ ਹਾਂ’।

ਜਥੇਦਾਰ ਹਰਪ੍ਰੀਤ ਸਿੰਘ ਨੇ ਕੀ ਦਿੱਤਾ ਸੀ ਬਿਆਨ

17 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਾਏ ਗਏ 100 ਸਾਲਾ ਦਿਹਾੜੇ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ EVM ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ‘ਸਾਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਹਿੰਦੁਸਤਾਨ ਦੇ ਉੱਤੇ ਲੋਕਤਾਂਤਰਿਕ ਸਰਕਾਰ ਕਾਬਜ਼ ਨਹੀਂ ਹੈ ਬਲਕਿ EVM ਦੇ ਰਾਹੀਂ ਕਾਬਜ਼ ਹੋਈ ਸਰਕਾਰ ਹੈ ਅਤੇ ਇਹ ਵੀ ਪਤਾ ਨਹੀਂ ਕਿ ਇਸਨੇ ਅਗਲੇ ਕਿੰਨੇ ਕੁ ਸਾਲ EVM ਦੇ ਰਾਹੀਂ ਕਾਬਜ਼ ਰਹਿਣਾ ਹੈ’। ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਨੇ ਸਮਰਥਨ ਕਰਦਿਆਂ ਕਿਹਾ ਸੀ ਕਿ ਅਸੀਂ ਜਥੇਦਾਰ ਦੇ ਬਿਆਨ ‘ਤੇ ਫੁੱਲ ਚੜਾਉਂਦੇ ਹਾਂ, ਜਦਕਿ ਦੂਜੇ ਪਾਸੇ ਸਾਰੀਆਂ ਵਿਰੋਧੀ ਪਾਰਟੀਆਂ ਜਥੇਦਾਰ ਦੇ ਇਸ ਬਿਆਨ ਦਾ ਵਿਰੋਧ ਕਰ ਰਹੀਆਂ ਹਨ।

ਹਰਜੀਤ ਗਰੇਵਾਲ ਨੇ ਕੀਤਾ ਸੀ ਪਲਟਵਾਰ

ਹਰਜੀਤ ਸਿੰਘ ਗਰੇਵਾਲ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ EVM ਵਾਲੀ ਸਰਕਾਰ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ‘ਜਥੇਦਾਰ ਤਾਂ ਬਗਾਵਤ ਵਾਲੀਆਂ ਗੱਲਾਂ ਕਰਨ ਲੱਗ ਪਏ ਹਨ। ਜਥੇਦਾਰ ਤਾਂ ਉਹੋ ਜਿਹੀਆਂ ਗੱਲਾਂ ਕਰਦੇ ਹਨ, ਜਿਸ ਤਰ੍ਹਾਂ ਕੋਈ ਮਾਨਸਿਕ ਤੌਰ ‘ਤੇ ਬਿਮਾਰ ਹੋਵੇ। ਉਹ ਸੱਚਾਈ ਨੂੰ ਨਹੀਂ ਵੇਖ ਰਹੇ’। ਉਨ੍ਹਾਂ ਕਿਹਾ ਕਿ ‘ਜਥੇਦਾਰ ਸਾਡੀ ਲੋਕਤਾਂਤਰਿਕ ਸਰਕਾਰ ਨੂੰ EVM ਸਰਕਾਰ ਕਹਿ ਰਹੇ ਹਨ, ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਹੇ ਹਨ, ਇਸ ਤਰ੍ਹਾਂ ਦੀਆਂ ਗੱਲਾਂ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਇਹ ਲੋਕਤੰਤਰ ਦਾ ਅਪਮਾਨ ਹੈ’।

Leave a Reply

Your email address will not be published. Required fields are marked *