‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਲੀਡਰਾਂ ਨੇ ਕੱਲ੍ਹ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਕੱਲ੍ਹ ਟਰੈਕਟਰ ਪਰੇਡ ਦੌਰਾਨ ਪੂਰਾ ਰਾਊਂਡ ਲਾ ਕੇ ਵਾਪਸ ਆ ਕੇ ਉੱਥੇ ਆ ਕੇ ਹੀ ਬੈਠਣਾ ਹੈ, ਜਿੱਥੋਂ ਪਰੇਡ ਸ਼ੁਰੂ ਕੀਤੀ ਜਾਵੇਗੀ। ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸੇ ਨੇ ਵੀ ਘਰ ਵਾਪਸ ਨਹੀਂ ਜਾਣਾ ਕਿਉਂਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਇਹ ਅੰਦੋਲਨ ਜਾਰੀ ਰਹੇਗਾ।

ਕਿਸਾਨ ਲੀਡਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਕੱਲ੍ਹ ਪਤਾ ਲੱਗ ਜਾਵੇਗਾ ਕਿ ਅੰਦੋਲਨ ਸਿਰਫ ਪੰਜਾਬ ਜਾਂ ਹਰਿਆਣੇ ਦਾ ਨਹੀਂ ਹੈ, ਬਲਕਿ ਇਹ ਜਨ ਅੰਦੋਲਨ ਹੈ।  ਅੱਜ ਬੰਬੇ ਵਿੱਚ ਟਰੈਕਟਰ ਰੈਲੀ ਕੱਢੀ ਗਈ ਹੈ ਅਤੇ ਕੱਲ ਬੰਗਲੌਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢੀ ਜਾਵੇਗੀ, ਜੋ ਸਰਕਾਰ ਲਈ ਇੱਕ ਚਿਤਾਵਨੀ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਦੁਨੀਆ ਦੇ ਲੋਕ ਇਸ ਟਰੈਕਟਰ ਪਰੇਡ ਨੂੰ ਦੇਖਣਗੇ। ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇ ਕੋਈ ਗੜਬੜ ਹੋਈ ਤਾਂ ਸਰਕਾਰ ਇਸਦੀ ਜ਼ਿੰਮੇਵਾਰ ਹੋਵੇਗੀ, ਕਿਸਾਨ ਨਹੀਂ। ਉਨ੍ਹਾਂ ਕਿਹਾ ਕਿ ਕੱਲ੍ਹ ਟਿਕਰੀ ਬਾਰਡਰ ਤੋਂ ਇੱਕ ਲੜਕਾ ਰਿਵਾਲਵਰ ਨਾਲ ਫੜਿਆ ਗਿਆ ਸੀ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਸਾਡਾ ਅੰਦੋਲਨ ਖ਼ਰਾਬ ਨਾ ਕਰੇ, ਜਿਸ ਨਾਲ ਦੇਸ਼ ਨੂੰ ਵੱਡੀ ਕੀਮਤ ਚੁਕਾਉਣੀ ਪਏ। ਉਨ੍ਹਾਂ ਕਿਹਾ ਕਿ ਇਹ ਕਿਸਾਨ ਹਨ, ਤੁਹਾਡੇ ਸਿਆਸੀ ਵਿਰੋਧੀ ਨਹੀਂ ਹਨ।

ਕਿਸਾਨ ਲੀਡਰਾਂ ਨੇ ਕਿਹਾ ਕਿ ਟਰੈਕਟਰ ਪਰੇਡ ਵਿੱਚ ਸਭ ਤੋਂ ਅੱਗੇ ਲੀਡਰਸ਼ਿਪ ਲੱਗੇਗੀ। ਮੀਡੀਆ ਕਰਮੀਆਂ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਮੀਡੀਆ ਕਰਮੀ ਸਾਡੇ ਨਾਲ ਸਾਡੀਆਂ ਗੱਡੀਆਂ ਵਿੱਚ ਵੀ ਕਵਰੇਜ ਕਰਨ ਲਈ ਬੈਠ ਸਕਦੇ ਹਨ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੱਲ੍ਹ ਅੱਜ ਤੱਕ ਦੀ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਪਰੇਡ ਹੋਵੇਗੀ।

ਕਿਸਾਨ ਲੀਡਰਾਂ ਨੇ 1 ਫਰਵਰੀ ਨੂੰ ਪੈਦਲ ਹੀ ਸੰਸਦ ਨੂੰ ਕੂਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਸਾਡੇ ਕੋਲ 100 ਤੋਂ ਜ਼ਿਆਦਾ ਐਂਬੂਲੈਂਸ ਵੀ ਹਨ। ਪਰੇਡ ਦੌਰਾਨ ਟਰੈਕਟਰਾਂ ਅਤੇ ਡੀਜ਼ਲ ਦਾ ਪ੍ਰਬੰਧ ਖੁਦ ਦਾ ਹੋਵੇਗਾ।

ਕਿਸਾਨ ਲੀਡਰ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਇੱਕ ਵਾਰ ਵੀ ਟਰੈਕਟਰ ਪਰੇਡ ‘ਤੇ ਇਤਰਾਜ਼ ਨਹੀਂ ਜਤਾਇਆ, ਸਗੋਂ ਟਰੈਕਟਰ ਪਰੇਡ ਦੇ ਲਈ ਦਿੱਲੀ ਪੁਲਿਸ ਵੱਲੋਂ ਸਾਰੇ ਇੰਤਜ਼ਾਮ ਕੀਤੇ ਗਏ ਹਨ। ਕਿਸਾਨਾਂ ਨੇ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਇੱਕ ਨੰਬਰ ਮਿਸਡ ਕਾਲ ਨੰਬਰ – 8448385556 ਅਤੇ ਇੱਕ ਹੈਲਪਲਾਈਨ ਨੰਬਰ 7428384230 ਜਾਰੀ ਕੀਤਾ ਹੈ।

Leave a Reply

Your email address will not be published. Required fields are marked *